ਸੈਨੇਟਰ ਕਮਲਾ ਹੈਰਿਸ ਨੇ 6 ਮਹੀਨਿਆਂ ‘ਚ ਜੁਟਾਏ 23 ਮਿਲੀਅਨ ਡਾਲਰ

ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਦੀ ਸ਼ਕਤੀਸ਼ਾਲੀ ਅਤੇ ਭਾਰਤੀ ਮੂਲ ਦੀ ਡੈਮੋਕ੍ਰੇਟਿਕ ਸੰਸਦ ਕਮਲਾ ਹੈਰਿਸ (54) ਵਲੋਂ ਜਨਵਰੀ ‘ਚ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਲਈ ਐਲਾਨ ਕਰਨ ਤੋਂ ਬਾਅਦ ਹੁਣ ਤੱਕ 23 ਮਿਲੀਅਨ ਡਾਲਰ ਜੁਟਾਏ ਹਨ। ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ 20 ਤੋਂ ਜ਼ਿਆਦਾ ਦਾਅਵੇਦਾਰਾਂ ‘ਚੋਂ ਇਕ ਹੈਰਿਸ ਸਾਬਕਾ ਅਮਰੀਕੀ ਉੱਪ ਰਾਸ਼ਟਰਪਤੀ ਜੋਅ ਬਿਡੇਨ ਨੂੰ ਬਰਾਬਰ ਦੀ ਟੱਕਰ ਦੇ ਰਹੀ ਹੈ। ਖਾਸ ਕਰ ਹਾਲ ਹੀ ‘ਚ ਹੋਈ ਪਹਿਲੀ ਪ੍ਰਾਇਮਰੀ ਚਰਚਾ ਦੌਰਾਨ ਪ੍ਰਭਾਵੀ ਢੰਗ ਨਾਲ ਆਪਣੀ ਰਾਏ ਰੱਖਣ ਦੇ ਬਾਅਦ ਤੋਂ। ਰਾਸ਼ਟਰਪਤੀ ਚੋਣਾਂ ਲਈ ਹੈਰਿਸ ਦੀ ਮੁਹਿੰਮ ਨੇ 2019 ਦੀ ਦੂਸਰੀ ਤਿਮਾਹੀ ‘ਚ 2 ਲੱਖ 79 ਹਜ਼ਾਰ ‘ਚੋਂ ਜ਼ਿਆਦਾ ਲੋਕਾਂ ਤੋਂ ਕਰੀਬ 12 ਮਿਲੀਅਨ ਡਾਲਰ ਜੁਟਾਏ ਹਨ। ਉਨ੍ਹਾਂ ਨੇ ਇਸ ਮੁਹਿੰਮ ਦੇ ਤਹਿਤ 23 ਮਿਲੀਅਨ ਡਾਲਰ ਇਕੱਠੇ ਕੀਤੇ ਹਨ। ਦੂਸਰੀ ਤਿਮਾਹੀ ਦੇ ਦੌਰਾਨ ਹੈਰਿਸ ਦੀ ਮੁਹਿੰਮ ‘ਚ ਲਗਪਗ ਡੇਢ ਲੱਖ ਦਾਨੀਆਂ ਨੇ ਯੋਗਦਾਨ ਦਿੱਤਾ ਹੈ। ਮੁਹਿੰਮ ਵਲੋਂ ਜਾਰੀ ਇਕ ਬਿਆਨ ਮੁਤਾਬਿਕ ਹੈਰਿਸ ਨੇ ਆਪਣੇ ਡਿਜੀਟਲ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਹੀ 7 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਇਕੱਠੀ ਕਰ ਲਈ ਹੈ।