ਸੈਕਰਾਮੈਂਟੋ, 24 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸੈਕਰਾਮੈਂਟੋ ਸ਼ਹਿਰ ਦੇ ਸਾਊਥਲੈਂਡ ਪਾਰਕ ਏਰੀਏ ’ਚ 7/11 ਸਟੋਰ ਦੇ ਪੰਜਾਬੀ ਕਲਰਕ ਦੀ ਲੁੱਟ-ਖੋਹ ਦੌਰਾਨ ਹੋਈ ਮੌਤ ਦੀ ਖ਼ਬਰ ਨੇ ਕੈਲੀਫੋਰਨੀਆ ਦੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਸਦਮੇ ’ਚ ਪਾ ਦਿੱਤਾ ਹੈ, ਕਿਉਕਿ ਮਰਨ ਵਾਲਾ ਕਲਰਕ 31 ਸਾਲਾ ਗੁਰਪ੍ਰੀਤ ਸਿੰਘ ਪੰਜਾਬੀ ਮੂਲ ਦਾ ਮਿਹਨਤਕਸ਼ ਚੋਬਰ ਸੀ।

ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 3: 23 ਵਜੇ, ਸੈਕਰਾਮੈਂਟੋ ਪੁਲਿਸ ਨੂੰ ‘‘ਸ਼ੱਕੀ ਹਾਲਾਤਾਂ’’ ਦੀ ਰਿਪੋਰਟ ਇੱਕ ਸਟੋਰ ਦੇ ਗਾਹਕ ਵੱਲੋਂ ਦਿੱਤੀ ਗਈ। ਇਹ ਸਟੋਰ ਸੈਕਰਾਮੈਂਟੋ ਦੇ 43 ਐਵੀਨਿਊ ਦੇ 1100 ਬਲਾਕ ਵਿਚ ਪੈਂਦਾ ਹੈ। ਜਦੋਂ ਗਾਹਕ ਸਟੋਰ ਵਿਚ ਵੜਿਆ, ਤਾਂ ਉਸਨੇ ਕਲਰਕ ਗੁਰਪ੍ਰੀਤ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਫ਼ਰਸ਼ ’ਤੇ ਡਿੱਗੇ ਨੂੰ ਵੇਖਿਆ ਅਤੇ ਤੁਰੰਤ ਪੁਲਿਸ ਨੂੰ ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੱਤੀ। ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਦੇ ਪੈਰਾਮੇਡਿਕਸ ਗੁਰਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿਚ ਸਥਾਨਕ ਹਸਪਤਾਲ ਲੈ ਗਏ, ਜਿੱਥੇ ਬਾਅਦ ਵਿਚ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਪੁਲਿਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਅਤੇ ਉਨ੍ਹਾਂ ਪਬਲਿਕ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦੇਣ ਲਈ ਸੈਕਰਾਮੈਂਟੋ ਪੁਲਿਸ ਨੂੰ (916) 808-5471 ਜਾਂ 3 (916) 443-85 (4357) ’ਤੇ ਕਾਲ ਕਰਨ ਲਈ ਬੇਨਤੀ ਕੀਤੀ ਹੈ। ਗੁਰਪ੍ਰੀਤ ਸਿੰਘ ਨੂੰ ਯਾਦ ਕਰਦਿਆਂ ਸਟੋਰ ਗਾਹਕ 7/11 ਸਟੋਰ ਦੇ ਦਰਵਾਜ਼ੇ ਅੱਗੇ ਫੁੱਲ ਰੱਖ ਸੇਜਲ ਅੱਖਾਂ ਨਾਲ ਗੁਰਪ੍ਰੀਤ ਨੂੰ ਯਾਦ ਕਰਦੇ ਆਖਦੇ ਹਨ ਕਿ ਸਿੰਘ ਬਹੁਤ ਮਿਹਨਤੀ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਨਰਮ ਸੁਭਾਅ ਦਾ ਇਨਸਾਨ ਸੀ। ਗੁਰਪ੍ਰੀਤ ਸਿੰਘ ਦੀ ਯਾਦ ’ਚ 7/11 ਸਟੋਰ ਮਾਲਕ ਨੇ ਇੱਕ ਦਿਨ ਲਈ ਆਪਣਾ ਸਟੋਰ ਬੰਦ ਰੱਖਿਆ। ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪੰਜ ਸਾਲਾ ਬੇਟੀ ਤੇ ਪਤਨੀ ਛੱਡ ਗਏ ਹਨ, ਜਿਹੜੇ ਕਿ ਇੰਡੀਆ ਵਿਚ ਰਹਿ ਰਹੇ ਹਨ। ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਮਹਿਜ਼ ਦੋ ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਆਇਆ ਸੀ। ਮਿ੍ਰਤਕ ਗੁਰਪ੍ਰੀਤ ਸਿੰਘ ਦਾ ਪਿਛਲਾ ਪਿੰਡ ਹਲਕਾ ਖੰਨਾ ’ਚ ਪਿੰਡ ਚਕੋਹੀ ਹੈ ਅਤੇ ਉਹ ਸ. ਜਸਵੰਤ ਸਿੰਘ ਦੇ ਲੱਖ਼ਤੇ ਜਿੱਗਰ ਦੱਸੇ ਜਾ ਰਹੇ ਹਨ।