ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ; ਭਾਰਤੀ ਟੀਮ ਨੂੰ ਆਸਟ੍ਰੇਲੀਆਈ ਟੀਮ ਨੇ 4-3 ਨਾਲ ਹਰਾਇਆ

ਜੋਹਾਜਰ ਬਾਹਰੂ (ਮਲੇਸ਼ੀਆ), 27 ਅਕਤੂਬਰ (ਪੰਜਾਬ ਮੇਲ)- ਭਾਰਤੀ ਜੂਨੀਅਰ ਟੀਮ ਨੂੰ ਅੱਜ ਇੱਥੇ ਸੱਤਵੇਂ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ ਦੇ ਚੌਥੇ ਗੇੜ ਦੇ ਰੌਬਿਨ ਲੀਗ ਮੁਕਾਬਲੇ ’ਚ ਆਸਟਰੇਲੀਆ ਹੱਥੋਂ 4-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਬੀਤੇ ਦਿਨ ਆਪਣੇ ਤੀਜੇ ਲੀਗ ਮੁਕਾਬਲੇ ’ਚ ਅਮਰੀਕਾ ਨੂੰ 22-0 ਨਾਲ ਮਾਤ ਦਿੱਤੀ ਸੀ। ਉਸ ਤੋਂ ਇੱਕ ਦਿਨ ਬਾਅਦ ਉਸ ਨੂੰ ਆਸਟਰੇਲੀਆ ਤੋਂ ਹਾਰ ਦਾ ਮੂੰਹ ਦਾ ਦੇਖਣਾ ਪਿਆ ਜੋ ਉਸ ਦੀ ਇਸ ਟੂਰਨਾਮੈਂਟ ’ਚ ਪਹਿਲੀ ਹਾਰ ਹੈ।
ਭਾਰਤ ਵੱਲੋਂ ਦਿਲਪ੍ਰੀਤ ਸਿੰਘ ਨੇ 30ਵੇਂ ਤੇ 47ਵੇਂ ਮਿੰਟ ਜਦਕਿ ਸੰਜੈ ਨੇ ਨੌਵੇਂ ਮਿੰਟ ’ਚ ਭਾਰਤ ਲਈ ਗੋਲ ਕੀਤੇ ਜਦਕਿ ਮੈਚ ਜਿੱਤਣ ਵਾਲੀ ਆਸਟਰੇਲਿਆਈ ਟੀਮ ਲਈ ਜੋਇਲ ਰਿੰਟਾਲਾ ਨੇ ਤੀਜੇ ਮਿੰਟ, ਕੋਬੀ ਗਰੀਨ ਨੇ 36ਵੇਂ ਮਿੰਟ, ਜੌਨਾਥਨ ਬ੍ਰੇਥਰਟਨ ਨੇ 45ਵੇਂ ਮਿੰਟ ਤੇ ਨਾਥਨ ਇਫਰਾਮਜ਼ ਨੇ 49ਵੇਂ ਮਿੰਟ ’ਚ ਗੋਲ ਦਾਗੇ। ਆਸਟਰੇਲੀਆ ਨੇ ਪਹਿਲੇ ਕੁਆਰਟਰ ’ਚ ਦਬਦਬਾ ਬਣਾਉਂਦਿਆਂ ਭਾਰਤੀ ਡਿਫੈਂਸ ’ਤੇ ਹੱਲੇ ਕੀਤੇ ਤੇ ਚੰਗੀ ਸ਼ੁਰੂਆਤ ਕੀਤੀ। ਇਸ ਨਾਲ ਆਸਟਰੇਲੀਆ ਨੂੰ ਤੀਜੇ ਹੀ ਮਿੰਟ ’ਚ ਪੈਨਲਟੀ ਕਾਰਨਰ ਮਿਲ ਗਿਆ, ਜਿਸ ਨੂੰ ਜੋਇਲ ਰਿੰਟਾਲਾ ਨੇ ਗੋਲਤ ’ਚ ਤਬਦੀਲ ਕਰਕੇ ਲੀਡ ਹਾਸਲ ਕਰ ਲਈ। ਹਾਲਾਂਕਿ ਗੋਲ ਗੁਆਉਣ ਮਗਰੋਂ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਦੇ ਅਖੀਰ ’ਚ ਨੌਵੇਂ ਮਿੰਟ ’ਚ ਪੈਨਲਟੀ ਕਾਰਨਰ ਜਿੱਤਿਆ ਜਿਸ ’ਤੇ ਸੰਜੈ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਦੂਜੇ ਕੁਆਰਟਰ ’ਚ ਖੇਡ ਬਰਾਬਰੀ ਦੀ ਰਹੀ, ਜਿਸ ’ਚ ਦੋਵਾਂ ਟੀਮਾਂ ਦੇ ਡਿਫੈਂਡਰਾਂ ਨੇ ਭਰਵੀਆਂ ਕੋਸ਼ਿਸ਼ਾਂ ਕੀਤੀਆਂ, ਹਾਲਾਂਕਿ ਹਾਫ ਟਾਈਮ ਦੇ ਆਖਰੀ ਹੂਟਰ ’ਚ ਦਿਲਪ੍ਰੀਤ ਸਿੰਘ ਨੇ ਸ਼ਾਨਦਾਰ ਸ਼ਾਟ ਨਾਲ ਭਾਰਤ ਨੂੰ 2-1 ਦੀ ਲੀਡ ਦਿਵਾ ਦਿੱਤੀ। ਤੀਜੇ ਕੁਆਰਟਰ ’ਚ ਆਸਟਰੇਲੀਆ ਨੇ ਤੇਜ਼ੀ ਨਾਲ ਕੀਤੇ ਗਏ ਪਾਸ ਨਾਲ ਖੇਡ ’ਤੇ ਕੰਟਰੋਲ ਕੀਤਾ। 36ਵੇਂ ਮਿੰਟ ’ਚ ਆਸਟਰੇਲਿਆਈ ਟੀਮ ਇੱਕ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰਕੇ ਬਰਾਬਰੀ ’ਤੇ ਆ ਗਈ। ਇਸ ਮਗਰੋਂ ਆਸਟਰੇਲਿਆਈ ਟੀਮ 45ਵੇਂ ਮਿੰਟ ’ਚ ਪੈਨਲਟੀ ਕਾਰਨਰ ਦੀ ਮਦਦ ਨਾਲ ਗੋਲ ਕਰਕੇ 3-2 ਨਾਲ ਅੱਗੇ ਹੋ ਗਈ। ਆਖਰੀ ਕੁਆਰਟਰ ’ਚ ਦਿਲਪ੍ਰੀਤ ਨੇ ਲੰਮੇ ਪਾਸ ਤੋਂ ਗੋਲ ਕਰਕੇ ਭਾਰਤ ਨੂੰ ਫਿਰ 3-3 ’ਤੇ ਲਿਆ ਦਿੱਤਾ, ਪਰ ਇਹ ਬਰਾਬਰੀ ਸਿਰਫ਼ ਦੋ ਮਿੰਟ ਹੀ ਰਹਿ ਸਕੀ। ਭਾਰਤੀ ਟੀਮ ਹੁਣ 28 ਅਕਤੂਬਰ ਨੂੰ ਆਪਣੇ ਪੰਜਵੇਂ ਮੈਚ ਬਰਤਾਨੀਆ ਨਾਲ ਭਿੜੇਗੀ।