ਸੁਖਬੀਰ ਗ਼ਲਤ ਬਿਆਨੀ ਦਾ ਮਾਹਰ : ਕੈਪਟਨ

– ਲਾਏ ਦੋਸ਼ਾਂ ਦੀ ਜਾਂਚ ਲਈ ਰੰਧਾਵਾ ਦੀ ਅਗਵਾਈ ‘ਚ ਸਦਨ ਦੀ ਕਮੇਟੀ ਗਠਿਤ
– ਸੁਖਬੀਰ ਵੱਲੋਂ ਦਿਖਾਈਆਂ ਤਸਵੀਰਾਂ ਬਾਰੇ ਕੀਤਾ ਸਪੱਸ਼ਟ
ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ‘ਤੇ ਕੈਪਟਨ ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਮੀਟਿੰਗ ਹੋਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਵਾਸਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਦਨ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੱਲੋਂ ਉਠਾਏ ਗਏ ਮੁੱਦੇ ‘ਤੇ ਦਖ਼ਲ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ‘ਗ਼ਲਤ ਬਿਆਨੀ ਦਾ ਮਾਹਰ’ ਦੱਸਿਆ ਕਿਉਂਕਿ ਉਨ੍ਹਾਂ ਨੇ ਗ਼ਲਤ ਸੂਚਨਾ ਦੇ ਕੇ ਸਦਨ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਟਾਵਰ ਦੀ ਸਥਿਤੀ ਬਾਰੇ ਸੁਖਬੀਰ ਨੇ ਜਾਣਕਾਰੀ ਦਿੱਤੀ ਹੈ, ਉਹ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਦਾ ਸਾਫ਼ ਉਦੇਸ਼ ਗ਼ਲਤ ਸੂਚਨਾ ਨੂੰ ਫੈਲਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਨੇ ਸ਼ੇਖੀ ਮਾਰਨ ਲਈ ਦਾਦੂਵਾਲ ਨਾਲ ਉਨ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਵਿਖਾਈਆਂ ਹਨ, ਇਹ ਪੰਜਾਬ ਭਵਨ ਵਿਖੇ ਉਨ੍ਹਾਂ ਦੀ ਇਕ ਵਫਦ ਨਾਲ ਹੋਈ ਮੀਟਿੰਗ ਦੌਰਾਨ ਖਿੱਚੀਆਂ ਗਈਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਕੋਈ ਖੁਫ਼ੀਆ ਮੀਟਿੰਗ ਨਹੀਂ ਸੀ, ਸਗੋਂ ਇਸ ਦੀ ਮੀਡੀਆ ‘ਚ ਵੱਡੇ ਪੱਧਰ ‘ਤੇ ਕਵਰੇਜ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਵਫਦ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਸਨ, ਜਿਨ੍ਹਾਂ ਵਿਚ ਯੂ.ਏ.ਡੀ., ਐੱਸ.ਏ.ਡੀ. (ਮਾਨ), ਐੱਸ.ਏ.ਡੀ. (1920) ਸ਼ਾਮਲ ਸਨ। ਇਹ ਵਫਦ ਮੰਗਾਂ ਦੀ ਸੂਚੀ ਲੈ ਕੇ ਆਇਆ ਸੀ, ਜਿਸ ਵਿਚ ਬੇਅਦਬੀ ਦੇ ਮਾਮਲਿਆਂ ਦਾ ਪਤਾ ਲਾਉਣਾ, ਬੇਅਦਬੀ ਦੇ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨਾ, ਸੂਬੇ ਤੇ ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿਚ ਸਜ਼ਾ ਮੁਕੰਮਲ ਕਰਨ ਦੇ ਬਾਵਜੂਦ ਟਾਡਾ ਹੇਠ ਨਜ਼ਰਬੰਦਾਂ ਦੀ ਰਿਹਾਈ ਤੇ ਤਬਾਦਲਾ ਤੋਂ ਇਲਾਵਾ ਹੋਰ ਮੰਗਾਂ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦਾਦੂਵਾਲ ਇਨ੍ਹਾਂ ਆਗੂਆਂ ਨਾਲ ਉਸ ਵਫਦ ਵਿਚ ਆਏ ਸਨ।