ਸੁਖਬੀਰ ਦੇ ਲੰਬੀ ਤੋਂ ਚੋਣ ਲੜਨ ਦੇ ਸੰਕੇਤ

282
Share

ਲੰਬੀ, 12 ਮਾਰਚ (ਪੰਜਾਬ ਮੇਲ)- ਪੰਜਾਬ ‘ਚ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀਆਂ ਸਿਆਸੀ ਕਣਸੋਆਂ ਨੇ ਸਿਆਸੀ ਪੱਤਿਆਂ ਦੀ ਵਿਉਂਤਬੰਦੀ ਸ਼ੁਰੂ ਕਰਵਾ ਦਿੱਤੀ ਹੈ | ਅਕਾਲੀ ਦਲ ਦੀਆਂ ਹਾਈ-ਪੋ੍ਰਫਾਈਲ ਤਿਆਰੀਆਂ ਦੇ ਅੰਦਾਜ਼ ਤੋਂ ਲੰਬੀ ਸੀਟ ਤੋਂ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਲੜਨ ਦੇ ਸੰਕੇਤ ਮਿਲਦੇ ਹਨ | ਪਾਰਟੀ ਦੀ ਰਣਨੀਤੀ ਤਹਿਤ ਪਿੰਡਾਂ ‘ਚ ਹਰੇਕ ਇਕ ਸੌ ਵੋਟ ‘ਤੇ ਇਕ ਇੰਚਾਰਜ ਥਾਪਿਆ ਹੈ | ਸੌ ਵੋਟਾਂ ‘ਚੋਂ ਘਟਣ-ਵਧਣ ਲਈ ਇੰਚਾਰਜ ਜ਼ਿੰਮੇਵਾਰ ਹੋਵੇਗਾ | ਜਿੱਤ ਦਾ ਅੰਤਰ ਦੁੱਗਣਾ ਕਰਨ ਲਈ ਹੁਣ ਖ਼ੁਦ ਸੁਖਬੀਰ ਸਿੰਘ ਬਾਦਲ ਸਰਗਰਮੀ ਨਾਲ ਜਥੇਬੰਦਕ ਹਾਲਾਤਾਂ ‘ਚ ਨਵਾਂ ਸ਼ਕਤੀ ਸੰਚਾਰ ‘ਚ ਜੁਟੇ ਹੋਏ ਹਨ | ਉਨ੍ਹਾਂ ਅੱਜ ਬਾਦਲ ਪਿੰਡ ਰਿਹਾਇਸ਼ ‘ਤੇ ਹਲਕੇ ਦੇ 22 ਪਿੰਡਾਂ ਦੀਆਂ ਚੋਣ ਬੂਥ ਕਮੇਟੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ | ਸੁਖਬੀਰ ਸਿੰਘ ਦੇ ਜਲਾਲਾਬਾਦ ਦੀ ਬਜਾਇ ਲੰਬੀ ਤੋਂ ਮੈਦਾਨ ‘ਚ ਉੱਤਰਨ ਦੀ ਸੂਰਤ ‘ਚ 93 ਸਾਲਾ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੇ ਕਿਆਸ ਲਗਾਏ ਜਾ ਰਹੇ ਹਨ | ਪਿੱਛੇ ਜਿਹੇ ਅਕਾਲੀ ਦਲ ਪ੍ਰਧਾਨ ਨੇ ਵੀ ਆਗਾਮੀ ਸੂਬਾਈ ਚੋਣਾਂ ਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਲੜਨ ਦੀ ਗੱਲ ਆਖੀ ਸੀ |

Share