ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਅਗਲੇ ਇਕ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਪੇਸ਼ ਕੀਤਾ

75
Share

ਸਹਿਕਾਰਤਾ ਵਿਭਾਗ ਦੇ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ
ਡੀ.ਸੀ.ਸੀ.ਬੀਜ਼ ਦੇ ਪੀ.ਐਸ.ਸੀ.ਬੀਜ਼ ਵਿੱਚ ਰਲੇਵੇਂ ਨਾਲ ਸਹਿਕਾਰੀ ਬੈਂਕਾਂ ਨੂੰ ਕੀਤਾ ਜਾਵੇਗਾ ਮਜ਼ਬੂਤ
ਚੰਡੀਗੜ, 7 ਜਨਵਰੀ (ਪੰਜਾਬ ਮੇਲ)- ਨਵੇਂ ਸਾਲ ਦੀ ਆਮਦ ’ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸਹਿਕਾਰਤਾ ਵਿਭਾਗ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਦੱਸਦਿਆਂ ਅਗਲੇ ਇਕ ਸਾਲ ਲਈ ਨਿਰਧਾਰਤ ਕੀਤੇ ਟੀਚਿਆਂ ਦਾ ਖਾਕਾ ਜਾਰੀ ਕੀਤਾ। ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸ. ਰੰਧਾਵਾ ਨੇ ਕਿਹਾ ਕਿ ਕਿਸਾਨੀ ਦੀ ਰੀੜ ਦੀ ਹੱਡੀ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਦੇ ਨਾਲ ਕੋਵਿਡ-19 ਮਹਾਂਮਾਰੀ ਦੇ ਔਖੇ ਸਮੇਂ ਵਿੱਚ ਸੂਬਾ ਵਾਸੀਆਂ ਨੂੰ ਉਚ ਮਿਆਰ ਦੀਆਂ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਵਿੱਚ ਮੋਹਰੀ ਰੋਲ ਨਿਭਾਇਆ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਗਲੇ ਇਕ ਸਾਲ ਦੇ ਵਿੱਚ ਸਹਿਕਾਰੀ ਬੈਂਕਾਂ ਨੂੰ ਨਿੱਜੀ ਖੇਤਰ ਦੇ ਬੈਂਕਾਂ ਬਰਾਬਰ ਖੜਾ ਕਰ ਦਿੱਤਾ ਜਾਵੇਗਾ ਜਿਸ ਲਈ ਬੈਂਕ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। 1600 ਮੁਲਾਜ਼ਮਾਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਅਗਲੇ ਹਫਤੇ ਤੱਕ ਜਾਰੀ ਹੋ ਜਾਵੇਗਾ। ਬੈਂਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ (ਡੀ.ਸੀ.ਸੀ.ਬੀ.) ਦਾ ਪੰਜਾਬ ਰਾਜ ਸਹਿਕਾਰੀ ਬੈਂਕ (ਪੀ.ਐਸ.ਸੀ.ਬੀ.) ਨਾਲ ਰਲੇਵਾਂ ਅੰਤਿਮ ਪੜਾਅ ਵਿੱਚ ਹੈ। ਇਸ ਸਬੰਧੀ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ ਅਤੇ ਅੰਤਿਮ ਮਨਜ਼ੂਰੀ ਦੀ ਉਡੀਕ ਹੈ। ਉਨਾਂ ਕਿਹਾ ਕਿ ਬੈਂਕ ਦੀਆਂ 802 ਬਰਾਂਚਾਂ ਹੈ ਜਿਨਾਂ ਵਿੱਚੋਂ ਕਈ ਦੂਰ-ਦੁਰਾਡੇ ਖੇਤਰ ਵਿੱਚ ਹਨ ਜੋ ਲੋਕਾਂ ਨਾਲ ਸਿੱਧਾ ਰਾਬਤਾ ਰੱਖ ਸਕਦੀਆਂ ਹਨ।
ਉਨਾਂ ਅੱਗੇ ਦੱਸਿਆ ਕਿ ਹਾਊਸਫੈਡ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਸਹਿਕਾਰੀ ਵਿਭਾਗ/ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਹਾਊਸਫੈਡ ਜ਼ਰੀਏ ਮੁਹਾਲੀ ਵਿੱਚ ਫਲੈਟ ਮੁਹੱਈਆ ਕਰਵਾਉਣ ਲਈ ਹਾਊਸਿੰਗ ਸਕੀਮ ਤਹਿਤ ਇੱਕ ਮੰਗ ਸਰਵੇਖਣ ਵੀ ਕੀਤਾ ਜਾਵੇਗਾ। ਉਨਾਂ ਇਹ ਵੀ ਐਲਾਨ ਕੀਤਾ ਕਿ ਸਹਿਕਾਰੀ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਪੱਤਰਕਾਰਾਂ ਨੂੰ ਵੀ ਹਾਊਸਿੰਗ ਸਕੀਮ ਵਿੱਚ ਸ਼ਾਮਲ ਕੀਤਾ ਜਾਵੇਗਾ।
ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਇਸ ਸਾਲ ਬਟਾਲਾ ਅਤੇ ਗੁਰਦਾਸਪੁਰ ਵਿਖੇ ਦੋ ਨਵੀਆਂ ਸ਼ੂਗਰ ਮਿੱਲ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਸਬੰਧੀ ਵਿਸਤਿ੍ਰਤ ਪ੍ਰਾਜੈਕਟ ਰਿਪੋਰਟਾਂ (ਡੀ.ਪੀ.ਆਰਜ਼) ਪਹਿਲਾਂ ਹੀ ਤਿਆਰ ਕਰ ਲਈਆਂ ਗਈਆਂ ਹਨ ਅਤੇ ਅਗਲੇ ਮਹੀਨੇ ਤੱਕ ਟੈਂਡਰ ਜਾਰੀ ਹੋ ਜਾਵੇਗਾ। ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਖੇ 5000 ਟੀ.ਸੀ.ਡੀ. ਦੀ ਸਮਰੱਥਾ ਦਾ ਸ਼ੂਗਰ ਪਲਾਂਟ ਸਮੇਤ 120 ਕੇ.ਐਲ.ਪੀ.ਡੀ ਡਿਸਟੀਲਰੀ ਅਤੇ ਬਟਾਲਾ ਵਿਖੇ 3500 ਟੀ.ਸੀ.ਡੀ. ਸ਼ੂਗਰ ਪਲਾਂਟ ਜੋ ਕਿ 5000 ਟੀ.ਸੀ.ਡੀ ਤੱਕ ਵਧਾਇਆ ਜਾ ਸਕਣ ਵਾਲਾ ਲਗਾਇਆ ਜਾ ਰਿਹਾ ਹੈ।
ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਮਾਰਕਫੈਡ ਵੱਲੋਂ ਕਿਸਾਨਾਂ ਨੂੰ ਕੰਪਲੈਕਸ ਖਾਦ ਮੁਹੱਈਆ ਕਰਵਾਉਣੀ ਸ਼ੁਰੂ ਕੀਤੀ ਜਾਵੇਗੀ ਜਿਸ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਵਿਗਿਆਨ ਤੇ ਵਾਤਾਵਰਣ ਕੇਂਦਰ (ਸੀ.ਐਸ.ਈ.) ਵੱਲੋਂ ਸ਼ਹਿਦ ਦੀ ਸ਼ੁੱਧਤਾ ਦੇ ਕਰਵਾਏ ਗਏ ਪ੍ਰੀਖਣ ਵਿੱਚੋਂ ਮਾਰਕਫੈਡ ਦਾ ਸੋਹਣਾ ਬਰਾਂਡ ਸ਼ਹਿਦ 100 ਫੀਸਦੀ ਖਰਾ ਉਤਰਿਆ ਹੈ। ਭਾਰਤ ਵਿੱਚ ਮੌਜੂਦ 13 ਬਰਾਂਡਾਂ ਵਿੱਚੋਂ ਮਾਰਕਫੈਡ ਸੋਹਣਾ ਉਨਾਂ ਤਿੰਨ ਬਰਾਂਡਾ ਵਿੱਚ ਸ਼ਾਮਲ ਹੈ ਜਿਨਾਂ ਨੇ ਕੌਮਾਂਤਰੀ ਮਾਪਦੰਡਾਂ ਉਤੇ ਆਧਾਰਿਤ ਸਾਰੇ ਮਹੱਤਵਪੂਰਨ ਟੈਸਟ ਪਾਸ ਕੀਤੇ ਹਨ। ਕੋਵਿਡ-19 ਦੇ ਔਖੇ ਸਮੇਂ ਦੌਰਾਨ ਮਨੁੱਖੀ ਸਿਹਤ ਨਾਲ ਸਮਝੌਤਾ ਨਾ ਕਰਦਿਆਂ ਮਾਰਕਫੈਡ ਵੱਲੋਂ ਮਿਆਰੀ ਉਤਪਾਦਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਮਾਰਕਫੈਡ ਦੇ ਸ਼ਹਿਦ ਦੀ ਮੰਗ 10 ਗੁਣਾਂ ਵੱਧ ਗਈ। ਮਾਰਕਫੈਡ ਵੱਲੋਂ ਮਿਆਰੀ ਖਾਣ ਵਾਲੇ ਪਦਾਰਥਾਂ ਦੇ ਨਿਰਮਾਣ ਅਤੇ ਮਾਰਕੀਟਿੰਗ ਵਿੱਚ ਆਪਣਾ ਵੱਕਾਰ ਕਾਇਮ ਰੱਖਦਿਆਂ ਬਾਸਮਤੀ ਚੌਲ, ਕਣਕ, ਕਣਕ ਦਾ ਆਟਾ, ਸਾਬਤੇ ਤੇ ਪੀਸੇ ਹੋਏ ਮਸਾਲੇ, ਆਮਲਾ ਮੁਰੱਬਾ ਤੇ ਕੈਂਡੀ, ਆਮਲਾ ਤੇ ਐਲੂਵੀਰਾ ਜੂਸ, ਗੁੜ, ਸ਼ੱਕਰ ਖਪਤਕਾਰਾਂ ਤੱਕ ਪਹੁੰਚਾਇਆ ਜਾਂਦਾ ਹੈ। ਖਾੜੀ ਮੁਲਕਾਂ ਤੋਂ ਬਾਅਦ ਹੁਣ ਯੂਰੋਪੀਅਨ ਮੁਲਕਾਂ ਵੱਲੋਂ ਆਈ ਮੰਗ ਨੂੰ ਪੂਰਾ ਕਰਨ ਲਈ ਨਿਰਯਾਤ ਵਿੱਚ ਹੋਰ ਵਾਧਾ ਹੋਵੇਗਾ।
ਮਿਲਕਫੈਡ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਬੱਸੀ ਪਠਾਣਾ ਵਿਖੇ 2 ਲੱਖ ਲੀਟਰ ਪ੍ਰਤੀ ਦਿਨ ਸਮਰੱਥਾ ਦਾ ਵੇਰਕਾ ਮੇਗਾ ਡੇਅਰੀ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦੇ 30 ਜੂਨ 2021 ਨੂੰ ਮੁਕੰਮਲ ਹੋ ਜਾਣ ਦੀ ਉਮੀਦ ਹੈ। ਉਨਾਂ ਕਿਹਾ ਕਿ ਕੋਵਿਡ ਲੌਕਡਾਊਨ ਦੌਰਾਨ ਨਿਭਾਈਆਂ ਬੇਮਿਸਾਲ ਸੇਵਾਵਾਂ ਅਤੇ ਮਿਆਰੀ ਉਤਪਾਦਾਂ ਸਦਕਾ ਮਿਲਕਫੈਡ ਦੇ ਉਤਪਾਦਾਂ ਦੀ ਪ੍ਰਚੂਨ ਵਿਕਰੀ ਵਿੱਚ 32 ਫੀਸਦੀ ਵਾਧਾ ਹੋਇਆ ਹੈ ਅਤੇ ਅਗਲੇ ਸਾਲ ਇਸ ਵਿੱਚ ਹੋਰ ਵਾਧੇ ਦਾ ਟੀਚਾ ਹੈ।
ਸ. ਰੰਧਾਵਾ ਵੱਲੋਂ ਪਿਛਲੇ ਸਮੇਂ ਦੌਰਾਨ ਸਹਿਕਾਰੀ ਅਦਾਰਿਆਂ ਦੀਆਂ ਪ੍ਰਾਪਤੀਆਂ ਗਿਣਾਉਦਿਆਂ ਦੱਸਿਆ ਕਿ ਕੋਵਿਡ-19 ਦੇ ਸੰਕਟ ਦੌਰਾਨ ਸਮੂਹ ਸਹਿਕਾਰੀ ਅਦਾਰਿਆਂ ਮਾਰਕਫੈਡ, ਮਿਲਕਫੈਡ ਤੇ ਸ਼ੂਗਰਫੈਡ ਵੱਲੋਂ ਲੌਕਡਾਊਨ ਦੇ ਸਮੇਂ ਵਿੱਚ ਅੱਗੇ ਵਧ ਕੇ ਲੋਕਾਂ ਦੀ ਸੇਵਾ ਕਰਦਿਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੇ ਉਨਾਂ ਦੀ ਇਕ ਦਿਨ ਦੀ ਤਨਖਾਹ 2.96 ਕਰੋੜ ਰੁਪਏ ਦਾ ਯੋਗਦਾਨ ਪੰਜਾਬ ਦੇ ਮੁੱਖ ਮੰਤਰੀ ਦੇ ਕੋਵਿਡ ਰਾਹਤ ਫੰਡ ਵਿੱਚ ਦਿੱਤਾ। ਕੋਵਿਡ -19 ਦੇ ਮੱਦੇਨਜਰ ਪੰਜਾਬ ਰਾਜ ਵਿਚ ਸਹਿਕਾਰੀ ਸੰਸਥਾਵਾਂ ਦੇ ਮੋਹਰੀ ਕਤਾਰ ਵਿੱਚ ਲੱਗੇ ਹਰੇਕ ਕਰਮਚਾਰੀ ਨੂੰ 25 ਲੱਖ ਰੁਪਏ ਬੀਮਾ ਕਵਰ ਨਾਲ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਕੋਵਿਡ ਕਾਰਨ ਜਾਨ ਗਵਾਉਣ ਵਾਲੇ ਪੰਜ ਕਰਮਚਾਰੀਆਂ ਨੂੰ 25-25 ਲੱਖ ਰੁਪਏ ਦਾ ਬੀਮਾ ਦਿੱਤਾ ਗਿਆ।
ਉਨਾਂ ਅੱਗੇ ਦੱਸਿਆ ਕਿ ਸਹਿਕਾਰੀ ਬੈਂਕ ਨੇ ਜੇ.ਐਲ.ਜੀ. ਮਾਡਲ ਅਧੀਨ ਸਵੈ-ਰੁਜ਼ਗਾਰ ਮਹਿਲਾਵਾਂ, ਬੇਰੁਜ਼ਗਾਰਾਂ ਅਤੇ ਘੱਟ ਆਮਦਨੀ ਵਾਲੇ ਵਿਅਕਤੀਆਂ ਨੂੰ ਬਿਨਾਂ ਕਿਸੇ ਜਮਾਂ ਦੇ ਕਰਜ਼ੇ ਦੇਣ ਦੀ ਮੁੜ ਸ਼ੁਰੂਆਤ ਕੀਤੀ ਹੈ। ਸਹਿਕਾਰੀ ਬੈਂਕਾਂ ਪੀ.ਐਫ.ਐਮ.ਐਸ. (ਪਬਲਿਕ ਵਿੱਤੀ ਪ੍ਰਬੰਧਨ ਪ੍ਰਣਾਲੀ) ਰਾਹੀਂ ਵੱਖ-ਵੱਖ ਕੇਂਦਰੀ ਸਰਕਾਰਾਂ ਭਲਾਈ ਸਕੀਮਾਂ ਨਾਲ ਸਬੰਧਤ ਸਬਸਿਡੀਆਂ ਅਤੇ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਉਣ ਯੋਗ ਹੋ ਗਏ ਹਨ। ਆਮ ਲੋਕਾਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਬੈਂਕ ਨੇ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਐਸ.ਐਚ.ਸੀ.ਆਈ.ਐਲ.) ਨਾਲ ਸਾਂਝੇ ਤੌਰ ’ਤੇ ਆਪਣੀਆਂ ਸਾਖਾਵਾਂ ਰਾਹੀਂ ਈ-ਸਟੈਂਪ ਪੇਪਰ ਜਾਰੀ ਕਰਨਾ ਸੁਰੂ ਕੀਤਾ ਹੈ। ਪਿਛਲੇ ਸਾਲ ਦੌਰਾਨ 633.84 ਕਰੋੜ ਰੁਪਏ ਦੇ 788 ਸਟੈਂਪ ਪੇਪਰ ਜਾਰੀ ਕੀਤੇ ਗਏ ਹਨ। ਬੈਂਕ ਵੱਲੋਂ ਤਿੰਨ ਕਰਜ਼ਾ ਸਕੀਮਾਂ ਡੀ.ਸੀ.ਸੀ.ਬੀਜ਼ ਦੀ ਸਹਿਕਾਰੀ ਤਰਲਤਾ ਸੁਵਿਧਾ (ਸੀ.ਐਲ.ਐਫ), ਐਮ.ਪੀ.ਸੀ.ਐਸ./ਪੀ.ਏ.ਸੀ.ਐਸ. ਤਰਲਤਾ ਸਹਿਯੋਗ ਸਕੀਮ (ਐਲ.ਐਸ.ਐਸ.) ਤੇ ਕਿਸਾਨਾਂ ਨੂੰ ਦਰਮਿਆਨੇ ਸਮੇਂ ਲਈ ਕਰਜ਼ੇ (ਐਮ.ਟੀ.ਐਲ.ਐਫ) ਸ਼ੁਰੂ ਕੀਤੀਆਂ ਗਈਆਂ ਹਨ। ਕੋਵਿਡ-19 ਮਹਾਂਮਾਰੀ ਦੌਰਾਨ ਕਿਸਾਨ/ਵਪਾਰੀਆਂ ਨੂੰ ਇਨਾਂ ਸਕੀਮਾਂ ਰਾਹੀਂ ਵਾਧੂ ਕਰਜ਼ੇ ਦੀ ਸਹੂਲਤ ਮਿਲੇਗੀ। ਭਾਈ ਘਨੱਈਆ ਸਹਿਤ ਸੇਵਾ ਸਕੀਮ ਪਿਛਲੇ ਸਾਲ ਦੁਬਾਰਾ ਸ਼ੁਰੂ ਕੀਤੀ ਗਈ। ਇਸ ਯੋਜਨਾ ਤਹਿਤ 2020-21 ਦੌਰਾਨ 1,43,398 ਮੁੱਖ ਮੈਂਬਰਾਂ ਅਤੇ 2,12,567 ਨਿਰਭਰ ਮੈਂਬਰ ਸ਼ਾਮਲ ਕੀਤੇ ਗਏ। ਇਨਾਂ ਵਿੱਚੋਂ 12,512 ਲਾਭਪਾਤਰੀਆਂ ਦਾ 15.27 ਕਰੋੜ ਰੁਪਏ ਨਾਲ ਨਕਦ ਰਹਿਤ ਇਲਾਜ ਕੀਤਾ ਗਿਆ। ਇਸ ਸਾਲ ਦੌਰਾਨ ਇਸ ਯੋਜਨਾ ਤਹਿਤ 13 ਮਹਿਲਾਵਾਂ ਲਾਭਪਾਤਰੀਆਂ ਨੂੰ ਲੜਕੀ ਨੂੰ ਜਨਮ ਦੇਣ ਲਈ 2100 ਰੁਪਏ (ਸ਼ਗਨ) ਦੇਣੇ ਸ਼ੁਰੂ ਕੀਤੇ ਗਏ।
ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਨਾਲ ਮੁਲਾਕਾਤ ਕਰਕੇ ਕੀਤੀ ਚਾਰਾਜੋਈ ਸਦਕਾ ਨਾਬਾਰਡ ਤੋਂ ਸਪੈਸ਼ਲ ਲਿਕੁਈਟਿਡੀ ਫੰਡ (ਐਸ.ਐਲ.ਐਫ) ਤਹਿਤ ਪ੍ਰਾਪਤ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ। ਕੋਵਿਡ ਦੇ ਮੱਦੇਨਜ਼ਰ ਹਾੜੀ ਦੀ ਵਸੂਲੀ ਮੁਹਿੰਮ 2020 ਦੌਰਾਨ ਬੈਂਕ ਨੇ 1 ਮਾਰਚ 2020 ਤੋਂ 31 ਜੁਲਾਈ 2020 ਤੱਕ ਉਨਾਂ ਸਾਰੇ ਉਧਾਰ ਲੈਣ ਵਾਲਿਆਂ ਦਾ ਜ਼ੁਰਮਾਨਾ ਮੁਆਫ ਕਰ ਦਿੱਤਾ ਜਿਨਾਂ ਨੇ ਆਪਣੀ ਪੂਰੀ ਡਿਫਾਲਟ ਰਕਮ ਅਦਾ ਕੀਤੀ ਸੀ ਅਤੇ ਆਪਣੇ ਲੋਨ ਖਾਤੇ ਨਿਯਮਤ ਕੀਤੇ ਜਾਂ ਬੰਦ ਕਰ ਦਿੱਤੇ। 1199 ਕਿਸਾਨਾਂ/ਖਾਤਾ ਧਾਰਕਾਂ ਨੂੰ 6.16 ਲੱਖ ਰੁਪਏ ਦੀ ਰਾਹਤ ਮਿਲੀ ਅਤੇ ਅਜਿਹੇ ਖਾਤਿਆਂ ਨਾਲ 31.02 ਕਰੋੜ ਰੁਪਏ ਦੀ ਵਸੂਲੀ ਪ੍ਰਭਾਵਤ ਹੋਈ।
ਕੋਵਿਡ ਕਾਰਨ ਸਾਉਣੀ ਦੀ ਵਸੂਲੀ ਮੁਹਿੰਮ 2020 ਦੌਰਾਨ ਬੈਂਕ ਨੇ 21 ਅਕਤੂਬਰ 2020 ਤੱਕ ਉਨਾਂ ਸਾਰੇ ਉਧਾਰ ਲੈਣ ਵਾਲਿਆਂ ਦਾ ਜ਼ੁਰਮਾਨਾ ਮੁਆਫ ਕੀਤਾ ਜਿਨਾਂ ਆਪਣੀ ਪੂਰੀ ਡਿਫਾਲਟ ਰਕਮ ਅਦਾ ਕੀਤੀ ਸੀ ਅਤੇ ਆਪਣੇ ਲੋਨ ਖਾਤੇ ਨਿਯਮਤ ਕੀਤੇ ਜਾਂ 31 ਦਸੰਬਰ 2020 ਤੱਕ ਬੰਦ ਕਰ ਦਿੱਤੇ। 2337 ਕਿਸਾਨਾਂ/ਖਾਤਾ ਧਾਰਕਾਂ ਨੂੰ 3.26 ਕਰੋੜ ਰੁਪਏ ਦੀ ਰਾਹਤ ਮਿਲੀ ਅਤੇ ਅਜਿਹੇ ਖਾਤਿਆਂ ਨਾਲ 41.61 ਕਰੋੜ ਰੁਪਏ ਦੀ ਵਸੂਲੀ ਪ੍ਰਭਾਵਤ ਹੋਈ।
ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਵੇਰਕਾ ਅ੍ਰੰਮਿਤਸਰ ਡੇਅਰੀ ਵਿਖੇ ਇਕ ਨਵੇਂ ਆਧੁਨਿਕ ਆਟੋਮੈਟਿਕ ਮਿਲਕ ਪ੍ਰੋਸੈਸਿੰਗ ਅਤੇ ਤਾਜ਼ੇ ਦੁੱਧ ਦੀ ਪੈਕੇਜਿੰਗ ਵਾਲੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਪਲਾਂਟ ਦੀ ਸਮਰੱਥਾ ਵਿੱਚ ਪ੍ਰਤੀ ਦਿਨ 1.5 ਲੱਖ ਲੀਟਰ ਪ੍ਰਤੀ ਦਿਨ (ਐਲਐਲਪੀਡੀ) ਤੋਂ 2.5 ਐਲਐਲਪੀਡੀ ਤੱਕ ਵਾਧਾ ਹੋਇਆ ਜੋ ਕਿ 5.0 ਐਲਐਲਪੀਡੀ ਤੱਕ ਹੋਣ ਦੀ ਸੰਭਾਵਨਾ ਹੈ। ਮਿਲਕਫੈਡ ਵੱਲੋਂ ਹਾਲ ਹੀ ਵਿੱਚ ਬਲਕ ਪੈਕਜਿੰਗ ਵਿੱਚ ਡੇਅਰੀ ਵਾਈਟਨਰ, ਚਾਰ ਫਲੈਵਰਜ਼ ਵਿੱਚ ਨੈਚੂਰਲ ਆਈਸ ਕਰੀਮ, ਤਿੰਨ ਫਲੈਵਰਜ਼ ਵਿੱਚ ਅਮੂਰ ਆਈਸ ਕਰੀਮ, ਚੋਕੋ ਡੀਲਾਈਟ ਆਈਸ ਕਰੀਮ, ਕੂਕੀ ਡੀਲਾਈਟ ਆਈਸ ਕਰੀਮ, ਹਲਦੀ ਦੁੱਧ ਆਦਿ ਲਾਂਚ ਕੀਤੇ ਗਏ।
ਉਨਾਂ ਅੱਗੇ ਦੱਸਿਆ ਕਿ ਸ਼ੂਗਰਫੈਡ ਵੱਲੋਂ ਬੰਦ ਪਈ ਫਰੀਦਕੋਟ ਸਹਿਕਾਰੀ ਖੰਡ ਮਿੱਲ ਦੀ ਪਲਾਂਟ ਮਸ਼ੀਨਰੀ ਨੂੰ ਭੋਗਪੁਰ ਸਹਿਕਾਰੀ ਖੰਡ ਮਿੱਲ ਤੋਂ ਬਦਲਕੇ ਇੱਕ ਨਵਾਂ ਸ਼ੂਗਰ ਕੰਪਲੈਕਸ ਸਥਾਪਿਤ ਕੀਤਾ ਗਿਆ ਅਤੇ ਮਿੱਲ ਦੀ ਪਿੜਾਈ ਸਮਰੱਥਾ 1000 ਟੀ.ਸੀ.ਡੀ. ਤੋਂ ਵਧਾ ਕੇ 3000 ਟੀ.ਸੀ.ਡੀ ਕਰਨ ਸਮੇਤ 15 ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ ਸਥਾਪਤ ਕੀਤਾ ਗਿਆ। ਸ਼ੂਗਰਫੈਡ ਵੱਲੋਂ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਮਿਲ ਕੇ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਇੰਡੀਅਨ ਆਇਲ ਦੇ ਆਊਟਲੈਟ (ਪੈਟਰੋਲ ਪੰਪ) ਸਥਾਪਤ ਕੀਤੇ ਗਏ। ਇਸੇ ਤਰਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 30 ਨਵੰਬਰ 2020 ਨੂੰ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨਾ ਖੋਜ ਸੰਸਥਾ ਦਾ ਕਲਾਨੌਰ, ਗੁਰਦਾਸਪੁਰ ਵਿਖੇ ਨੀਂਹ ਪੱਥਰ ਰੱਖਿਆ।
ਇਸ ਮੌਕੇ ਵਿੱਤ ਕਮਿਸ਼ਨਰ ਸਹਿਕਾਰਤਾ ਸ੍ਰੀ ਕੇ. ਸਿਵਾ ਪ੍ਰਸਾਦ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜ਼ਮ, ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ, ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਤੇ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਸ੍ਰੀ ਚਰਨਦੇਵ ਸਿੰਘ ਮਾਨ ਵੀ ਹਾਜ਼ਰ ਸਨ।

Share