ਸਿੱਧੂ 2017 ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਲਈ ਚੋਣ ਪ੍ਰਚਾਰ ਨਹੀਂ ਕਰਨਗੇ – ਨਵਜੋਤ ਕੌਰ

ਅੰਮ੍ਰਿਤਸਰ, 23 ਅਪਰੈਲ (ਪੰਜਾਬ ਮੇਲ)- ਬੀਜੇਪੀ ਨੇ ਨਵਜੋਤ ਸਿੰਘ ਸਿੱਧੂ ਨੂੰ ਰਾਜ ਸਭਾ ਵਿੱਚ ਭੇਜ ਚਾਹੇ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਧੂ ਜੋੜੀ ਦੇ ਤੇਵਰਾਂ ਵਿੱਚ ਅਜੇ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ। ਨਵਜੋਤ ਸਿੰਘ ਦੀ ਪਤਨੀ ਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਦੀ ਪਤਨੀ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ 2017 ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਲਈ ਚੋਣ ਪ੍ਰਚਾਰ ਨਹੀਂ ਕਰਨਗੇ।
“ਏਬੀਪੀ ਨਿਊਜ਼” ਨਾਲ ਖਾਸ ਗੱਲਬਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ ਪਾਰਟੀ ਵੱਲੋਂ ਉਨ੍ਹਾਂ ਦੇ ਪਤੀ ਨੂੰ ਰਾਜ ਸਭਾ ਮੈਂਬਰ ਬਣਾਏ ਜਾਣ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਨੇ ਸਿੱਧੂ ਨੂੰ ਪੰਜਾਬ ਵਿੱਚ ਕੋਈ ਵੀ ਜ਼ਿਮੇਵਾਰੀ ਇਸ ਲਈ ਨਹੀਂ ਦਿੱਤੀ ਕਿਉਂਕਿ ਪਾਰਟੀ ਨੂੰ ਪਤਾ ਹੈ ਕਿ ਸਿੱਧੂ ਜੋੜੇ ਨਾਲ ਅਕਾਲੀ ਦਲ ਵੱਲੋਂ ਵਿਤਕਰਾ ਕੀਤਾ ਜਾਂਦਾ ਹੈ। ਇਸ ਕਰਕੇ ਅਕਾਲੀ ਦਲ ਤੇ ਸਿੱਧੂ ਜੋੜੇ ਵਿੱਚ ਕਈ ਮਤਭੇਦ ਹਨ। ਉਨ੍ਹਾਂ ਕਿਹਾ ਕਿ ਸਿੱਧੂ ਜੋੜਾ ਨਾਂ ਤਾਂ ਕਦੇ ਪਹਿਲਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਚਾਹਵਾਨ ਸੀ ਤੇ ਨਾ ਹੀ ਹੁਣ ਇਸ ਬਾਰੇ ਸੋਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ ਤੇ ਉਨ੍ਹਾਂ ਦੀ ਵਫਾਦਾਰੀ ਨੂੰ ਮੁੱਖ ਰਖਦਿਆਂ ਹੀ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਡਾਕਟਰ ਸਿੱਧੂ ਨੇ ਇੱਕ ਵਾਰ ਫਿਰ ਸਾਫ਼ ਕੀਤਾ ਕਿ ਉਹ ਅਕਾਲੀ-ਭਾਜਪਾ ਗਠਜੋੜ ਅਧੀਨ ਕਦੇ ਵੀ ਚੋਣ ਨਹੀਂ ਲੜਨਗੇ ਤੇ ਉਨ੍ਹਾਂ ਦੇ ਪਤੀ ਪੂਰੇ ਦੇਸ਼ ਚ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ ਪਰ ਪੰਜਾਬ ਵਿੱਚ ਨਹੀਂ।
ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੂੰ ਹਟਾਏ ਜਾਣ ਬਾਰੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਹਟਾ ਕੇ ਬਹੁਤ ਵਧੀਆ ਕੰਮ ਕੀਤਾ। ਉਨ੍ਹਾਂ ਪੰਜਾਬ ਭਾਜਪਾ ਦੇ ਨਵੇਂ ਬਣਾਏ ਗਏ ਪ੍ਰਧਾਨ ਵਿਜੇ ਸਾਂਪਲਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਸਾਂਪਲਾ ਪਾਰਟੀ ਲਈ ਜੋ ਵੀ ਕੰਮ ਕਰ ਰਹੇ ਹਨ, ਉਸ ਨਾਲ ਭਾਜਪਾ ਦੇ ਸਾਰੇ ਨੇਤਾ ਤੇ ਵਰਕਰ ਖੁਸ਼ ਹਨ।
There are no comments at the moment, do you want to add one?
Write a comment