ਸਿੱਧੂ ਬਣੇ ਪੰਜਾਬ ਭਾਜਪਾ ਕੋਰ ਗਰੁੱਪ ਦੇ ਮੈਂਬਰ

ਚੰਡੀਗੜ੍ਹ, 24 ਜੂਨ (ਪੰਜਾਬ ਮੇਲ)- ਰਾਜਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦੇ ਕੋਰ ਗਰੁੱਪ ਦਾ ਮੈਂਬਰ ਬਣਾ ਦਿੱਤਾ ਗਿਆ ਹੈ। ਹਾਲਾਂਕਿ ਪ੍ਰਦੇਸ਼ ਕੋਰ ਗਰੁੱਪ ਦਾ ਗਠਨ ਭਾਜਪਾ ਦੀ ਬੀਤੀ 12 ਤੇ 13 ਜੂਨ ਨੂੰ ਇਲਾਹਾਬਾਦ ਵਿਚ ਆਯੋਜਿਤ ਹੋਈ ਕੌਮੀ ਕਾਰਜਕਰਨੀ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਜਦਕਿ ਇਸ ਦੀ ਸੂਚਨਾ ਹਾਲ ਹੀ ਵਿਚ ਰਾਜ ਇਕਾਈ ਨੂੰ ਭੇਜੀ ਗਈ ਹੈ। ਸਿੱਧੂ ਨੂੰ ਰਾਜਸਭਾ ਮੈਂਬਰ ਬਣਾਏ ਜਾਣ ਤੋਂ ਬਾਅਦ ਹੁਣ ਪੰਜਾਬ ਕੋਰ ਗਰੁੱਪ ਮੈਂਬਰ ਦੇ ਰੂਪ ਵਿਚ ਦਿੱਤੀ ਗਈ ਇਹ ਵੱਡੀ ਜ਼ਿੰਮੇਵਾਰੀ ਹੈ ਜੋਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫ਼ੀ ਅਹਿਮੀਅਤ ਰੱਖਦੀ ਹੈ। ਸਪੱਸ਼ਟ ਹੈ ਕਿ ਪ੍ਰਦੇਸ਼ ਕੋਰ ਗਰੁੱਪ ਦਾ ਮੈਂਬਰ ਹੋਣ ਦੇ ਨਾਤੇ ਪੰਜਾਬ ਵਿਧਾਨਸਭਾ ਚੋਣਾਂ ਸਬੰਧੀ ਫੈਸਲਿਆਂ ਵਿਚ ਹੁਣ ਨਵਜੋਤ ਸਿੰਘ ਸਿੱਧੂ ਦੀ ਸਿੱਧੀ ਸ਼ਮੂਲੀਅਤ ਹੋਵੇਗੀ।
ਕੋਰ ਗਰੁੱਪ ਵਿਚ 11 ਮੈਂਬਰ ਸ਼ਾਮਲ ਕੀਤੇ ਗਏ ਹਨ, ਜਦਕਿ ਕੌਮੀ ਮਹਾਮੰਤਰੀ ਸੰਗਠਨ, ਕੌਮੀ ਸਹਿ ਸੰਗਠਨ ਮੰਤਰੀ, ਪ੍ਰਦੇਸ਼ ਇੰਚਾਰਜ ਤੇ ਪ੍ਰਦੇਸ਼ ਮਹਾਮੰਤਰੀ ਸੰਗਠਨ ਇਸ ਦੇ ਸਥਾਈ ਸੱਦੇ ਗਏ ਮੈਂਬਰ ਹੋਣਗੇ। ਇਸ ਤਰ੍ਹਾਂ ਕੋਰ ਗਰੁੱਪ ਦੇ ਮੈਂਬਰਾਂ ਦੀ ਕੁੱਲ ਗਿਣਤੀ 15 ਹੋਵੇਗੀ। ਹੋਰ ਮੈਂਬਰਾਂ ਵਿਚ ਪ੍ਰਦੇਸ਼ ਪ੍ਰਧਾਨ ਸਮੇਤ ਕੌਮੀ ਅਹੁਦੇਦਾਰ ਅਵਿਨਾਸ਼ ਰਾਏ ਖੰਨਾ ਤੇ ਤਰੁਣ ਚੁਘ, ਪੰਜਾਬ ਭਾਜਪਾ ਵਿਧਾਇਕ ਦਲ ਦੇ ਨੇਤਾ ਚੂਨੀ ਲਾਲ ਭਗਤ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਬ੍ਰਿਜ ਲਾਲ ਰਿਣਵਾ, ਮਨੋਰੰਜਨ ਕਾਲੀਆ, ਪ੍ਰੋ. ਰਾਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ ਤੇ ਮਦਨ ਮੋਹਨ ਮਿੱਤਲ ਸ਼ਾਮਲ ਹਨ।
There are no comments at the moment, do you want to add one?
Write a comment