ਸਿੱਧੂ, ਜਾਖੜ ਤੇ ਰੰਧਾਵਾ ਮੁੱਖ ਮੰਤਰੀ ਬਣਨ ਦੀ ਰੇਸ ’ਚ

209
Share

ਚੰਡੀਗੜ੍ਹ, 19 ਸਤੰਬਰ (ਪੰਜਾਬ ਮੇਲ)- ਕੈਪਟਨ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦਾ ਇਕ ਖੇਮਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਬੇਸ਼ੱਕ ਇਸ ’ਤੇ ਅੰਤਿਮ ਮੋਹਰ ਕਾਂਗਰਸ ਹਾਈਕਮਾਨ ਨੇ ਲਗਾਉਣੀ ਹੈ ਪਰ ਸਿੱਧੂ ਦੇ ਕਰੀਬੀ ਚਾਹੁੰਦੇ ਹਨ ਕਿ ਹੁਣ ਕਾਂਗਰਸ ਹੀ ਕਮਾਨ ਸਿੱਧੂ ਦੇ ਹੱਥ ਵਿਚ ਸੌਂਪ ਦਿੱਤੀ ਜਾਵੇ। ਉਂਝ ਕਾਂਗਰਸ ਦਾ ਇਕ ਧੜਾ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਨੂੰ ਰਾਜ਼ੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਸਿੱਧੂ ਨੂੰ ਮੁੱਖ ਮੰਤਰੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਕੈਪਟਨ ਦੇ ਕਰੀਬੀ ਵੀ ਸਿੱਧੂ ਖ਼ਿਲਾਫ਼ ਅੰਦਰਖਾਤੇ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਅੰਬਿਕਾ ਸੋਨੀ ਦਾ ਨਾਮ ਵੀ ਮੋਹਰੀ ਕਤਾਰ ਵਿਚ ਚੱਲ ਰਿਹਾ ਹੈ। ਭਾਵੇਂ ਉਨ੍ਹਾਂ ਵਲੋਂ ਪੰਜਾਬ ਦੀ ਸਿਆਸਤ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਅੰਬਿਕਾ ਸੋਨੀ ਨੂੰ ਮੁੱਖ ਮੰਤਰੀ ਬਣਨਾ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਉਣਾ ਚਾਹੁੰਦਾ ਹੈ।

ਉਧਰ ਕੁੱਝ ਵਿਧਾਇਕਾਂ ਦੀ ਰਾਏ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਤੈਅ ਕੀਤਾ ਜਾਵੇ। ਇਸ ਵਿਚ ਸਭ ਤੋਂ ਜ਼ਿਆਦਾ ਚਰਚਾ ਸੁਨੀਲ ਜਾਖੜ ਦੇ ਨਾਮ ਦੀ ਹੈ। ਇਸੇ ਕੜੀ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਦੀ ਵੀ ਚਰਚਾ ਹੈ। ਸੁਨੀਲ ਜਾਖੜ ਨੂੰ ਇਸ ਲਈ ਅੱਗੇ ਕੀਤਾ ਜਾ ਰਿਹਾ ਹੈ ਤਾਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਵੋਟ ਬੈਂਕ ਨੂੰ ਕੈਸ਼ ਕੀਤਾ ਜਾ ਸਕੇ। ਇਸ ਕੜੀ ਵਿਚ ਦੂਜੀ ਚਰਚਾ ਕਿਸੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗਠਜੋੜ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਹਾਲਾਂਕਿ ਇਸ ਮਸਲੇ ’ਤੇ ਵਿਧਾਇਕ ਖੁੱਲ੍ਹ ਕੇ ਬਿਆਨ ਨਹੀਂ ਦੇ ਰਹੇ ਹਨ ਪਰ ਲੌਬਿੰਗ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।


Share