ਸਿੱਖ ਮੋਟਰ ਸਾਈਕਲ ਸਵਾਰਾਂ ਨੇ ਕੈਨੇਡਾ ‘ਚ ਕਰਵਾਈ ਬੱਲੇ ਬੱਲੇ

ਕੈਂਸਰ ਪ੍ਰਤੀ ਲੋਕਾਂ ਲਈ 60,000 ਡਾਲਰ ਦੀ ਰਕਮ ਇਕੱਠੀ ਕੀਤੀ
ਟੋਰਾਂਟੋ, 22 ਜੁਲਾਈ (ਪੰਜਾਬ ਮੇਲ)-ਕੈਨੇਡਾ ਵਿੱਚ ਸਿੱਖ ਮੋਟਰ ਸਾਈਕਲ ਸਵਾਰਾਂ ਨੇ 12 ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤਹਿ ਕਰ ਕੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਸਫ਼ਰ ਦੌਰਾਨ ਮੋਟਰ ਸਾਈਕਲ ਸਵਾਰਾਂ ਨੇ ਚੈਰਿਟੀ ਵਜੋਂ 60,000 ਡਾਲਰ ਦੀ ਰਕਮ ਵੀ ਇਕੱਠੀ ਕੀਤੀ ਹੈ। ਸਿੱਖ ਮੋਟਰਸਾਈਕਲ ਕਲੱਬ ਦੇ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ ਦੋ ਹਫ਼ਤੇ ਪਹਿਲਾਂ ਸਰੀ ਤੋਂ 13 ਮੋਟਰਸਾਈਕਲਾਂ ’ਤੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ।
ਕਲੱਬ ਦਾ ਮੁੱਖ ਮਕਸਦ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸਿੱਖ ਬਾਈਕ ਸਵਾਰ ਹੁਣ ਤਕ 1200 ਕਿੱਲੋਮੀਟਰ ਪ੍ਰਤੀ ਦਿਨ ਦੇ ਹਿਸਾਬ ਨਾਲ 12 ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ। ਉਨ੍ਹਾਂ ਆਪਣੇ ਸਫ਼ਰ ਲਈ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਓਨਟਾਰੀਓ ਤੇ ਕਿਉਬੈਕ ਹੁੰਦੇ ਹੋਏ ਮਾਂਟਰੀਅਲ ਦਾ ਰਾਹ ਚੁਣਿਆ ਹੈ। ਉਨ੍ਹਾਂ ਦਾ ਇਹ ਸਫ਼ਰ ਐਤਵਾਰ ਨੂੰ ਖ਼ਤਮ ਹੋਵੇਗਾ। ਸਿੱਖ ਬਾਈਕ ਸਵਾਰਾਂ ਦੇ ਇਸ ਗਰੁੱਪ ਵੱਲੋਂ ਸ਼ੁਰੂ ਕੀਤੇ ਉੱਦਮ ਦੀ ਹੁਣ ਤਕ 70 ਤੋਂ ਵੱਧ ਵਿਅਕਤੀਆਂ ਤੇ ਵੱਖ ਵੱਖ ਗਰੁੱਪਾਂ ਨੇ ਹਮਾਇਤ ਕੀਤੀ ਹੈ।
ਗਰੁੱਪ ਨੇ ਹੁਣ ਤਕ ਕੈਂਸਰ ਸੁਸਾਇਟੀ ਲਈ ਡੋਨੇਸ਼ਨ ਦੇ ਰੂਪ ਵਿੱਚ 61,194 ਡਾਲਰਾਂ ਦੀ ਰਕਮ ਇਕੱਤਰ ਕੀਤੀ ਹੈ। ਇਹ ਰਾਸ਼ੀ ਅੱਗੇ ਸੰਸਥਾ ਵੱਲੋਂ ਖੋਜ, ਸੁਰੱਖਿਆ ਉਪਾਅ ਤੇ ਕੈਂਸਰ ਨਾਲ ਲੜਨ ਖ਼ਿਲਾਫ਼ ਖ਼ਰਚੀ ਜਾਵੇਗੀ। ਆਪਣੇ ਸਫ਼ਰ ਦੌਰਾਨ ਬਾਈਕ ਸਵਾਰ ਜਿੱਥੇ ਰਾਹ ਵਿੱਚ ਟੱਕਰਦੇ ਭਾਈਚਾਰੇ ਦੇ ਲੋਕਾਂ ਨੂੰ ਮਿਲਦੇ ਹਨ, ਉੱਥੇ ਉਹ ਮੁਕਾਮੀ ਟੀਵੀ ਤੇ ਰੇਡੀਉ ਸਟੇਸ਼ਨਾਂ ’ਤੇ ਜਾ ਕੇ ਸਫ਼ਰ ਦੇ ਮੰਤਵ ਨੂੰ ਵੀ ਸਾਂਝਾ ਕਰਦੇ ਹਨ।
There are no comments at the moment, do you want to add one?
Write a comment