ਸਿੱਖ ਪ੍ਰਚਾਰਕਾਂ ਦੇ 100 ਪਰਿਵਾਰਾਂ ਨੂੰ ਸਰਬੱਤ ਦਾ ਭਲਾ ਟਰੱਸਟ ਨੇ ਦਿੱਤਾ ਰਾਸ਼ਨ

84
ਸਰਬੱਤ ਦਾ ਭਲਾ ਟਰੱਸਟ ਵੱਲੋਂ ਕਰਮਪੁਰਾ ਵਿਖੇ ਲੋੜਵੰਦ ਸਿੱਖ ਪ੍ਰਚਾਰਕਾਂ ਦੇ ਪਰਿਵਾਰਾਂ ਨੂੰ ਰਾਸ਼ਨ ਵੰਡਣ ਮੌਕੇ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਲਾਡੀ, ਨਵਜੀਤ ਘਈ ਤੇ ਹੋਰ।
Share

ਸਿੱਖ ਪੰਥ ਦੀ ਵੱਡੀ ਸ਼ਾਨ ਨੇ ਡਾ. ਓਬਰਾਏ : ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ
ਅੰਮ੍ਰਿਤਸਰ, 30 ਜੁਲਾਈ (ਪੰਜਾਬ ਮੇਲ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਚੁੱਕੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਤਹਿਤ ਸਥਾਨਕ ਸ਼ਹਿਰ ਦੇ ਕਰਮਪੁਰਾ ਇਲਾਕੇ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੇਰੁਜ਼ਗਾਰ ਹੋਏ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕਾਂ ਤੇ ਗ੍ਰੰਥੀ ਸਿੰਘਾਂ ਦੇ 100 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ ਗਿਆ।
ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਨੇ ਦੱਸਿਆ ਕਿ ਡਾ. ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਤੀਜੇ ਪੜਾਅ ਤਹਿਤ 2000 ਤੋਂ ਵਧੇਰੇ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ ਜਾ ਰਿਹਾ ਹੈ, ਜਿਸ ਤਹਿਤ ਅੱਜ ਕਰਮਪੁਰਾ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਵੱਖ-ਵੱਖ ਗੁਰੂ ਘਰਾਂ ਅੰਦਰ ਚੱਲਣ ਵਾਲੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਤੇ ਹੋਰ ਧਾਰਮਿਕ ਸਮਾਗਮ ਆਦਿ ਬੰਦ ਹੋਣ ਕਾਰਨ ਰੋਜ਼ੀ-ਰੋਟੀ ਤੋਂ ਆਤੁਰ ਹੋਏ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕਾਂ ਤੇ ਗ੍ਰੰਥੀ ਸਿੰਘਾਂ ਦੇ 100 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਗਿਆ ਹੈ।
ਇਸ ਦੌਰਾਨ ਮੌਜੂਦ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਚੇਅਰਮੈਨ ਜਗਦੀਸ਼ ਸਿੰਘ ਖਾਲਸਾ, ਪ੍ਰਧਾਨ ਲਖਜੀਤ ਸਿੰਘ, ਜਨ. ਸਕੱਤਰ ਭਾਈ ਰੂਪ ਸਿੰਘ ਸੋਹਲ, ਭਾਈ ਜਗੀਰ ਸਿੰਘ ਆਦਿ ਨੇ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਵਜ਼ੀਰਾਂ ਦੀ ਮਦਦ ਲਈ ਅੱਗੇ ਆਉਣ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ.ਪੀ. ਸਿੰਘ ਓਬਰਾਏ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਤਿਕਾਰਤ ਹਸਤੀ ਡਾ. ਓਬਰਾਏ ਵੱਲੋਂ ਪੂਰੀ ਦੁਨੀਆਂ ਅੰਦਰ ਲੋੜਵੰਦ ਲੋਕਾਂ ਲਈ ਕੀਤੇ ਜਾਂਦੇ ਪਰਉਪਕਾਰਾਂ ਨਾਲ ਸਿੱਖ ਕੌਮ ਦੇ ਨਾਲ-ਨਾਲ ਸਮੁੱਚੀ ਪੰਜਾਬੀਅਤ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ।


Share