ਸਿੱਖ ਦੀ ਬਹਾਦਰੀ ਦੇਖ ਕੇ ਸਟੋਰ ਲੁੱਟਣ ਆਏ ਲੁਟੇਰੇ ਭੱਜੇ

ਸਟਾਟਸਬਰਗ, 17 ਦਸੰਬਰ (ਪੰਜਾਬ ਮੇਲ) – ਸਿੰਘ ਸੂਰਮੇ ਪੂਰੀ ਦੁਨੀਆ ਵਿਚ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ। ਬਹਾਦਰੀ ਦੀ ਅਜਿਹੀ ਇਕ ਮਿਸਾਲ ਨਿਊਯਾਰਕ ਦੇ ਸਟਾਟਸਬਰਗ ਦੇ ਇਕ ਸਟੋਰ ਵਿਚ ਦੇਖਣ ਨੂੰ ਮਿਲੀ। ਸਟੋਰ ਲੁੱਟਣ ਆਏ ਹਥਿਆਰਬੰਦ ਲੁਟੇਰੇ ਨੂੰ ਸਿੱਖ ਬਾਬੇ ਨੇ ਅਜਿਹਾ ਜ਼ੋਰ ਦਿਖਾਇਆ ਕਿ ਲੁਟੇਰੇ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਬੰਦੂਕ ਸਮੇਤ ਪੁੱਠੇ ਪੈਰੀਂ ਦੌੜਿਆ।
ਅਸਲ ਵਿਚ ਦੇਰ ਰਾਤ ਪੈਟਰੋਲ ਪੰਪ ਨੇੜੇ ਸਥਿਤ ਸਟੋਰ ਨੂੰ ਲੁੱਟਣ ਲਈ ਇਕ ਹਥਿਆਰਬੰਦ ਵਿਅਕਤੀ ਆਇਆ। ਸਟੋਰ ਅੰਦਰ ਜਾਂਦੇ ਹੀ ਉਸ ਨੇ ਬੰਦੂਕ ਦੀ ਨੋਕ ‘ਤੇ ਸਿੱਖ ਬਾਬੇ ਨੂੰ ਕੈਸ਼ ਕੱਢਣ ਲਈ ਕਿਹਾ। ਬਾਬਾ ਕੈਸ਼ ਕਾਊਂਟਰ ਤੋਂ ਪੈਸੇ ਕੱਢ ਹੀ ਰਿਹਾ ਸੀ ਕਿ ਬੰਦੂਕਧਾਰੀ ਦਾ ਧਿਆਨ ਥੋੜ੍ਹਾ ਜਿਹਾ ਪਰ੍ਹੇ ਹੋ ਗਿਆ। ਮੌਕਾ ਦੇਖ ਕੇ ਬਾਬੇ ਨੇ ਸਿੱਧਾ ਉਸ ਦੀ ਬੰਦੂਕ ਨੂੰ ਹੱਥ ਪਾ ਲਿਆ। ਇਹ ਦੇਖ ਕੇ ਲੁਟੇਰਾ ਘਬਰਾ ਗਿਆ ਅਤੇ ਉਸ ਨੇ ਬਾਬੇ ਵੱਲ ਬੰਦੂਕ ਕਰਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਬਾਬੇ ਨੇ ਬਿਨਾਂ ਡਰੇ ਉਸ ਦਾ ਮੁਕਾਬਲਾ ਕੀਤਾ ਤੇ ਲੁਟੇਰੇ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ। ਲੁਟੇਰਾ ਬਾਬੇ ਦਾ ਜ਼ੋਰ ਦੇਖ ਕੇ ਦੌੜਨ ‘ਤੇ ਮਜ਼ਬੂਰ ਹੋ ਗਿਆ। ਇਹ ਸਾਰੀ ਘਟਨਾ ਸਟੋਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਤੇ ਬਾਬੇ ਦੀ ਬਹਾਦਰੀ ਦੇ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਈ।
There are no comments at the moment, do you want to add one?
Write a comment