ਸਿੱਖ ਜਥੇਬੰਦੀਆਂ ਵੱਲੋਂ ਜਾਂਚ ਰਿਪੋਰਟ ਦੇ ਨਾਲ-ਨਾਲ 328 ਲਾਪਤਾ ਪਾਵਨ ਸਰੂਪਾਂ ਦਾ ਵੇਰਵਾ ਜਨਤਕ ਕਰਨ ਦੀ ਮੰਗ

251
Share

ਅੰਮ੍ਰਿਤਸਰ, 2 ਸਤੰਬਰ (ਪੰਜਾਬ ਮੇਲ)- 328 ਦੇ ਕਰੀਬ ਪਾਵਨ ਸਰੂਪ ਲਾਪਤਾ ਹੋਣ ਦਾ ਮਾਮਲਾ ਜੱਗ ਜ਼ਾਹਿਰ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਕਮੇਟੀ ਵਲੋਂ 27 ਅਗਸਤ ਨੂੰ ਹੰਗਾਮੀ ਇਕੱਤਰਤਾ ਕਰਕੇ ਜਾਂਚ ‘ਚ ਦੋਸ਼ੀ ਪਾਏ ਗਏ 15 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਵਾਂ ਦਾ ਖ਼ੁਲਾਸਾ ਕਰ ਦਿੱਤਾ ਗਿਆ ਸੀ, ਪਰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਇਸ ਜਾਂਚ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੇ ਨਾਲ-ਨਾਲ ਲਾਪਤਾ ਪਾਵਨ ਸਰੂਪਾਂ ਦਾ ਵੇਰਵਾ ਵੀ ਸਿੱਖ ਜਗਤ ਸਨਮੁੱਖ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਅਕਾਲ ਤਖ਼ਤ ਸਕੱਤਰੇਤ ਤੇ ਸ਼੍ਰੋਮਣੀ ਕਮੇਟੀ ਦਫ਼ਤਰ ਫ਼ਿਲਹਾਲ ਖ਼ਾਮੋਸ਼ ਹਨ। ਸੂਤਰਾਂ ਅਨੁਸਾਰ ਅਕਾਲ ਤਖ਼ਤ ਸਕੱਤਰੇਤ ਦਾ ਕਹਿਣਾ ਹੈ ਕਿ ਇਹ ਜਾਂਚ ਰਿਪੋਰਟ ਸਿੰਘ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਸਪੁਰਦ ਕਰ ਦਿੱਤੀ ਗਈ ਸੀ ਤੇ ਹੁਣ ਪ੍ਰਧਾਨ ਵਲੋਂ ਹੀ ਜਨਤਕ ਕੀਤੀ ਜਾ ਸਕਦੀ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ‘ਚ ਸਾਹਮਣੇ ਆਏ 328 ਪਾਵਨ ਸਰੂਪਾਂ ਦਾ ਕੋਈ ਵੇਰਵਾ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਿੱਥੇ ਭੇਜੇ ਗਏ ਹਨ। ਪੰਥਕ ਤਾਲਮੇਲ ਸੰਗਠਨ ਦੇ ਕੋ ਕਨਵੀਨਰ ਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਸਵਿੰਦਰ ਸਿੰਘ ਐਡਵੋਕੇਟ ਜਾਂਚ ਰਿਪੋਰਟ ਦੀ ਕਾਪੀ ਸਮੇਤ ਇਸ ਮਾਮਲੇ ਨਾਲ ਸਬੰਧਿਤ ਹੋਰ ਜਾਣਕਾਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ: ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਮਾਨ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਦਲ ਖ਼ਾਲਸਾ ਆਦਿ ਜਥੇਬੰਦੀਆਂ ਵੀ ਮੰਗ ਕਰ ਚੁੱਕੀਆਂ ਹਨ ਕਿ ਲਾਪਤਾ ਹੋਏ ਪਾਵਨ ਸਰੂਪ ਕਿੱਥੇ ਗਏ ਸੰਗਤਾਂ ਨੂੰ ਦੱਸਿਆ ਜਾਵੇ।
ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਭੋਮਾ ਦੇ ਪ੍ਰਧਾਨ ਮਨਜੀਤ ਸਿੰਘ ਭੋਮਾਂ, ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ ਤੇ ਹੋਰਨਾਂ ਅਕਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ 11 ਸਤੰਬਰ ਤੱਕ ਸਿੱਖ ਕੌਮ ਨੂੰ ਇਹ ਜਾਣਕਾਰੀ ਨਾ ਦਿੱਤੀ ਅਤੇ ਜੇਕਰ 2016 ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਾਰੀ ਅੰਤ੍ਰਿੰਗ ਕਮੇਟੀ ਖ਼ਿਲਾਫ਼ 295 ਏ ਅਤੇ ਹੋਰ ਸਬੰਧਿਤ ਧਾਰਾਵਾਂ ਅਧੀਨ ਪੁਲਿਸ ਕੋਲ ਪਰਚਾ ਦਰਜ ਨਾ ਕਰਵਾਇਆ ਗਿਆ, ਅਕਾਲ ਤਖ਼ਤ ਵਲੋਂ ਇਸ ਸਬੰਧੀ ਦਿੱਤੀ ਜਾਂਚ ਪੜਤਾਲ ਦੀ ਰਿਪੋਰਟ ਜਨਤਕ ਨਾ ਕੀਤੀ ਗਈ ਤਾਂ ਫੈਡਰੇਸ਼ਨ ਦੇ ਸਥਾਪਨਾ ਦਿਵਸ ਵਾਲੇ ਦਿਨ 13 ਸਤੰਬਰ ਤੋਂ ਸ਼੍ਰੋਮਣੀ ਕਮੇਟੀ ਖ਼ਿਲਾਫ਼ ਲੜੀਵਾਰ ਰੋਸ ਪ੍ਰਦਰਸ਼ਨ ਅਰੰਭ ਕੀਤਾ ਜਾਵੇਗਾ।


Share