ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

ਓਰੇਗਨ, 11 ਜੁਲਾਈ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ ਦੇ ਨਿਰਦੇਸ਼ਕ ਸ. ਹਰਪ੍ਰੀਤ ਸਿੰਘ ਸੰਧੂ ਵਲੋਂ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਓਰੇਗਨ ਸਟੇਟ ਵਿਖੇ ਨਜ਼ਰਬੰਦ ਪੰਜਾਬੀ ਕੈਦੀਆਂ ਅਤੇ ਹੋਰ ਵੱਖੋ-ਵੱਖ ਧਰਮਾਂ ਅਤੇ ਦੇਸ਼ਾਂ ਵਿਚੋਂ ਆਏ ਲੋਕਾਂ ਦੇ ਮੁੱਢਲੇ ਹੱਕਾਂ ਲਈ ਕੀਤੇ ਯਤਨਾਂ ਸਦਕਾ ਕੈਦੀਆਂ ਦੀ ਹਾਲਤ ਵਿਚ ਸੁਧਾਰ ਹੋਣ ਦੀ ਉਮੀਦ ਜਗੀ ਹੈ ਤੇ ਉਨ੍ਹਾਂ ਦੀ ਹਾਲਤ ਵਿਚ ਕਾਫੀ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਸ. ਹਰਪ੍ਰੀਤ ਸਿੰਘ ਸਿੱਖਾਂ ਦੇ ਹੱਕਾਂ ਲਈ ਹਮੇਸ਼ਾ ਤੱਤਪਰ ਰਹਿਣ ਵਾਲੀਆਂ ਜਥੇਬੰਦੀਆਂ ਜਿਨ੍ਹਾਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਕਸ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਅਮਰੀਕਾ ਵਿਚ ਵਿਚਰ ਰਹੇ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੋਆਰਡੀਨੇਟਰ ਭਾਈ ਜਸਵੰਤ ਸਿੰਘ ਹੋਠੀ ਅਤੇ ਡਾ. ਪ੍ਰਿਤਪਾਲ ਸਿੰਘ ਜੀ ਹੁਰਾਂ ਨੇ ਸਾਂਝੇ ਤੌਰ ‘ਤੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਵਿਭਾਗ ਵਲੋਂ ਅਲੱਗ-ਅਲੱਗ ਕਾਰਨਾਂ ਕਰਕੇ ਕੈਦ ਕੀਤੇ ਹੋਏ ਪੰਜਾਬੀ ਅਤੇ ਹੋਰ ਸਮਾਜ ਦੇ ਲੋਕਾਂ ਦੀ ਹਾਲਤ ਬਾਰੇ ਕਾਫੀ ਖਬਰਾਂ ਨਿਕਲ ਕੇ ਆ ਰਹੀਆਂ ਸਨ। ਇਸ ਲਈ ਅਸੀਂ ਮਿਲਜੁੱਲ ਕੇ ਇਸ ਪ੍ਰਤੀ ਕਦਮ ਚੁੱਕਣ ਦਾ ਫੈਸਲਾ ਲਿਆ ਅਤੇ ਸ. ਹਰਪ੍ਰੀਤ ਸਿੰਘ ਜੀ ਤੋਂ ਇਸ ਕੰਮ ਲਈ ਉਨ੍ਹਾਂ ਦੀਆਂ ਸੇਵਾਵਾਂ ਮੰਗੀਆਂ ਤੇ ਉਨ੍ਹਾਂ ਨੇ ਲਗਾਤਾਰ ਉਥੋਂ ਦੇ ਸੈਨੇਟਰਾਂ, ਕਾਂਗਰਸਮੈਨ ਸਾਹਿਬਾਨ ਅਤੇ ਵਕੀਲਾਂ ਦੀ ਜਥੇਬੰਦੀ ਇਨੋਵੇਸ਼ਨ ਲਾ ਲੈਬ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ, ਜਿਸ ਦੇ ਸਿੱਟੇ ਹੁਣ ਸਾਹਮਣੇ ਆਉਣ ਲੱਗੇ ਹਨ। ਅਮਰੀਕਨ ਸਿੱਖ ਕਾਕਸ ਕਮੇਟੀ ਦੇ ਨਿਰਦੇਸ਼ਕ ਸ. ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਉਥੇ ਰਹਿ ਕੇ ਨਜ਼ਰਬੰਦੀਆਂ ਦੇ ਮੁੱਢਲੇ ਹੱਕਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਅਤੇ ਨਿਆਂ ਪ੍ਰਣਾਲੀ ਨਾਲ ਮਿਲ ਕੇ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਹੋਣ ਲੱਗੀਆਂ ਹਨ, ਜਿਵੇਂ ਕਿ ਉਨ੍ਹਾਂ ਦਾ intake information form ਪੰਜਾਬੀ ‘ਚ ਭਰਿਆ ਜਾ ਸਕਦਾ ਹੈ। ਪਹਿਲਾਂ ਉਨ੍ਹਾਂ ਨੂੰ ਗੁਰਬਾਣੀ ਗੁਟਕਾ ਰੱਖਣ ਦੀ ਇਜਾਜ਼ਤ ਨਹੀਂ ਸੀ, ਹੁਣ ਉਹ ਗੁਟਕਾ ਸਾਹਿਬ ਰੱਖ ਸਕਦੇ ਹਨ ਅਤੇ ਗੁਰਬਾਣੀ ਪਾਠ ਨਿਤਨੇਮ ਕਰ ਸਕਦੇ ਹਨ। ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਲਾਕ-ਅੱਪ ਤੋਂ ਬਾਹਰ ਟਹਿਲ ਸਕਦੇ ਹਨ ਅਤੇ ਇਨ੍ਹਾ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਇਨ੍ਹਾਂ ਨੂੰ ਬਾਂਡ ‘ਤੇ ਰਿਹਾਅ ਕੀਤਾ ਜਾਵੇਗਾ ਤੇ ਬਣਦੀ ਕਾਨੂੰਨੀ ਮਦਦ ਵੀ ਲੈ ਸਕਦੇ ਹਨ।