ਸਿੱਖਾਂ ਵਿਚ ਫੈਲਿਆ ਰੋਸ ਹੋ ਰਿਹਾ ਹੈ ਹੋਰ ਮਜ਼ਬੂਤ

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਅਚਾਨਕ ਮੁਆਫ ਕਰ ਦਿੱਤੇ ਜਾਣ ਅਤੇ ਫਿਰ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਨੇ ਪੂਰੀ ਦੁਨੀਆ ਵਿਚ ਵਸਦੇ ਸਿੱਖਾਂ ਅੰਦਰ ਵੱਡਾ ਰੋਸ ਪੈਦਾ ਕੀਤਾ ਸੀ। ਇਹ ਰੋਸ ਹੁਣ ਦਿਨੋਂ-ਦਿਨ ਘਟਣ ਦੀ ਬਜਾਏ ਹੋਰ ਵੀ ਤੀਬਰ ਰੁਖ਼ ਅਖਤਿਆਰ ਕਰ ਰਿਹਾ ਹੈ। ਜਿਥੇ ਪੰਜਾਬ ਅੰਦਰ ਅਕਾਲੀ ਦਲ ਬਾਦਲ ਲੋਕਾਂ ਵਿਚੋਂ ਬੁਰੀ ਤਰ੍ਹਾਂ ਨਿਖੜ ਕੇ ਰਹਿ ਗਿਆ ਹੈ, ਉਥੇ ਪ੍ਰਵਾਸੀ ਸਿੱਖਾਂ ਵਿਚ ਵੀ ਅਕਾਲੀ ਦਲ ਦੇ ਆਗੂਆਂ ਬਾਰੇ ਬੇਹੱਦ ਰੋਸ ਤੇ ਗੁੱਸਾ ਹੈ। 1984 ਦੀਆਂ ਘਟਨਾਵਾਂ ਬਾਅਦ ਇੰਨਾ ਗੁੱਸਾ ਤੇ ਰੋਸ ਸ਼ਾਇਦ ਕਾਂਗਰਸ ਵਿਰੁੱਧ ਵੀ ਨਹੀਂ ਸੀ, ਜਿੰਨਾ ਇਸ ਵੇਲੇ ਅਕਾਲੀ ਆਗੂਆਂ ਖਿਲਾਫ ਹੈ। ਪੰਜਾਬ ਅੰਦਰ ਇਸ ਵੇਲੇ ਅਕਾਲੀ ਆਗੂ ਜਨਤਕ ਸਮਾਗਮ ਵਿਚ ਖੁੱਲ੍ਹੇਆਮ ਸ਼ਿਰਕਤ ਕਰਨ ਤੋਂ ਪਿੱਛੇ ਹਟੇ ਹੋਏ ਹਨ। ਤਖਤਾਂ ਦੇ ਸਿੰਘ ਸਾਹਿਬ ਲੋਕਾਂ ਵਿਚ ਵਿਚਰਨ ਦੀ ਤਾਂ ਗੱਲ ਹੀ ਕੀ, ਸਗੋਂ ਗੁਰਦੁਆਰਾ ਸਾਹਿਬ ਵਿਖੇ ਦਿਨ-ਦਿਹਾੜੇ ਮੱਥਾ ਟੇਕਣ ਤੋਂ ਵੀ ਝਿਜਕ ਰਹੇ ਹਨ। ਉਹ ਸਖ਼ਤ ਪੁਲਿਸ ਪਹਿਰੇ ਹੇਠ ਆਪਣੇ ਘਰਾਂ ਤੱਕ ਹੀ ਮਹਿਦੂਦ ਹੋ ਕੇ ਰਹਿ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਪਹਿਲੀ ਵਾਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਣ ਵਾਲੀਆਂ ਧਾਰਮਿਕ ਸਰਗਰਮੀਆਂ ਵਿਚ ਵੀ ਸ਼ਾਮਲ ਨਹੀਂ ਹੋ ਰਹੇ। ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਇਨ੍ਹਾਂ ਆਗੂਆਂ ਨੂੰ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਵਰਜ ਰਹੇ ਹਨ। ਪਰ ਵਿਦੇਸ਼ਾਂ ਵਿਚ ਹਾਲਾਤ ਉਸ ਤੋਂ ਵੀ ਬਦਤਰ ਹਨ। ਪਿਛਲੇ ਦਿਨੀਂ ਯੂਬਾ ਸਿਟੀ ਵਿਖੇ ਹੋਏ ਨਗਰ ਕੀਰਤਨ ਵਿਚ ਅਕਾਲੀ ਦਲ ਦਾ ਕੋਈ ਵੀ ਆਗੂ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਫਲੋਟ ਹੀ ਲਗਾਇਆ ਗਿਆ। ਸ਼ਾਇਦ ਇਹ ਪਹਿਲਾ ਮੌਕਾ ਹੈ, ਜਦ ਅਕਾਲੀ ਦਲ ਦੇ ਆਗੂਆਂ ਨੂੰ ਹੋਣ ਵਾਲੇ ਇਸ ਵੱਡੇ ਧਾਰਮਿਕ ਸਮਾਗਮ ਵਿਚ ਹਾਜ਼ਰ ਹੋਣ ਤੋਂ ਵਰਜਿਆ ਗਿਆ। ਯੂਬਾ ਸਿਟੀ ਦੇ ਨਗਰ ਕੀਰਤਨ ਵਿਚ ਸਿੱਖਾਂ ਵੱਲੋਂ ਇਸ ਵਾਰ ਖਾਲਿਸਤਾਨ ਦੇ ਮਾਟੋ ਚੁੱਕੇ ਹੋਏ ਸਨ ਅਤੇ ਉਹ ਧਾਰਮਿਕ ਅਸਥਾਨਾਂ ਅਤੇ ਧਰਮ ਗ੍ਰੰਥ ਦੀ ਸੰਭਾਲ ਲਈ ਨਾਅਰੇ ਲਗਾ ਰਹੇ ਸਨ। ਇਸੇ ਤਰ੍ਹਾਂ ਇੰਗਲੈਂਡ ਦੇ ਬਰਮਿੰਘਮ ਵਿਖੇ ਇਕ ਬੜਾ ਵੱਡਾ ਵਿਸ਼ਵ ਸਿੱਖ ਸੰਮੇਲਨ ਕਰਵਾ ਕੇ ਅਕਾਲੀ ਦਲ ਅਤੇ ਮੌਜੂਦਾ ਧਾਰਮਿਕ ਲੀਡਰਸ਼ਿਪ ਤੋਂ ਪੂਰਨ ਤੋੜ-ਵਿਛੋੜੇ ਦਾ ਅਹਿਦ ਲਿਆ ਗਿਆ ਹੈ। ਆਸਟ੍ਰੇਲੀਆ, ਕੈਨੇਡਾ ਅਤੇ ਹੋਰ ਮੁਲਕਾਂ ਵਿਚ ਵੀ ਸਿੱਖਾਂ ਵੱਲੋਂ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਕੀਤੇ ਜਾ ਰਹੇ ਸਮਾਗਮਾਂ ਵਿਚ ਅਜਿਹੀਆਂ ਹੀ ਭਾਵਨਾਵਾਂ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਦੇਸ਼ਾਂ ਅਤੇ ਪੰਜਾਬ ਵਿਚ ਹੋ ਰਹੇ ਸਮਾਗਮਾਂ ਵਿਚ ਇਸ ਵਾਰ ਸਿੱਖ ਤਖਤਾਂ ਨੂੰ ਅਕਾਲੀ ਸਿਆਸਤ ਦੀ ਚੁੰਗਲ ਵਿਚੋਂ ਰਿਹਾਅ ਕਰਾਉਣ ਅਤੇ ਸਿੱਖ ਮਰਿਆਦਾ ਅਤੇ ਪ੍ਰੰਪਰਾਵਾਂ ਨੂੰ ਬਹਾਲ ਕਰਨ ਦਾ ਮੁੱਦਾ ਉੱਠ ਰਿਹਾ ਹੈ। ਜਿਥੇ ਪਹਿਲਾਂ 1984 ਦੇ ਸਾਕੇ ਸਮੇਂ ਮੁੱਖ ਲੜਾਈ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਹੋਂਦ ਨੂੰ ਪ੍ਰਗਟਾਉਣ ਦੀ ਸੀ, ਉੱਥੇ ਹੁਣ ਆਪਣੇ ਧਾਰਮਿਕ ਅਸਥਾਨਾਂ, ਮਰਿਆਦਾ ਅਤੇ ਪ੍ਰੰਪਰਾਵਾਂ ਨੂੰ ਉੱਚਾ ਚੁੱਕਣ ਦਾ ਇਹ ਸੰਘਰਸ਼ ਸਿੱਖਾਂ ਦੇ ਅੰਦਰੂਨੀ ਸੰਘਰਸ਼ ਵਜੋਂ ਉੱਭਰ ਰਿਹਾ ਹੈ। ਇਸ ਸੰਘਰਸ਼ ਵਿਚ ਸੰਘਰਸ਼ਸ਼ੀਲ ਲੋਕਾਂ ਦੇ ਹਮਲੇ ਦੀ ਧਾਰ ਅਕਾਲੀ ਦਲ ਵੱਲ ਸੇਧਿਤ ਹੈ। ਇਸ ਸਮੇਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਕਾਲੀ ਦਲ ਨੇ ਸਮੁੱਚੀ ਸਿੱਖ ਵਿਰਾਸਤ, ਧਾਰਮਿਕ ਅਸਥਾਨਾਂ ਅਤੇ ਸਿੱਖੀ ਪ੍ਰੰਪਰਾਵਾਂ ਨੂੰ ਆਪਣੇ ਸਿਆਸੀ ਮੁਫਾਦ ਲਈ ਵਰਤਦਿਆਂ ਵੱਡੀ ਢਾਹ ਲਾਈ ਹੈ। ਇਹ ਗੱਲ ਜੱਗ-ਜ਼ਾਹਿਰ ਹੋ ਗਈ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਦੇ ਫੈਸਲੇ ਪਿੱਛੇ ਅਕਾਲੀ ਦਲ ਦੇ ਨੇਤਾਵਾਂ ਦਾ ਹੀ ਹੱਥ ਸੀ। ਉਨ੍ਹਾਂ ਵੱਲੋਂ ਡੇਰਾ ਸਿਰਸੇ ਦੀਆਂ ਵੋਟਾਂ ਹਾਸਲ ਕਰਨ ਲਈ ਇਹ ਫੈਸਲਾ ਜਥੇਦਾਰਾਂ ਤੋਂ ਮਜਬੂਰ ਕਰਕੇ ਕਰਵਾਇਆ ਗਿਆ।
ਪੰਜਾਬ ਅੰਦਰ ਵੱਖ-ਵੱਖ ਰਾਜਸੀ ਅਤੇ ਧਾਰਮਿਕ ਸੰਗਠਨਾਂ ਵੱਲੋਂ ਮਿਲ ਕੇ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਸਰਬੱਤ ਖਾਲਸਾ ਵਿਚ ਪੰਥ ਨੂੰ ਦਰਪੇਸ਼ ਰਾਜਸੀ ਅਤੇ ਧਾਰਮਿਕ ਸਮੱਸਿਆਵਾਂ ਬਾਰੇ ਗੰਭੀਰ ਵਿਚਾਰ-ਵਟਾਂਦਰੇ ਦੇ ਦਾਅਵੇ ਕੀਤੇ ਜਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਿੱਖਾਂ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮਾਰੇ ਗਏ ਦੋ ਸਿੱਖਾਂ ਦੇ ਭੋਗ ਮੌਕੇ ਬਰਗਾੜੀ ਵਿਖੇ ਹੋਇਆ ਇਕੱਠ ਬੜਾ ਬੇਮਿਸਾਲ ਸੀ। ਪੰਥਕ ਇਕੱਠ ਵੱਲੋਂ ਕੀਤੇ ਐਲਾਨ ਮੁਤਾਬਕ 30 ਅਕਤੂਬਰ ਨੂੰ ਸਿੱਖ ਧਾਰਮਿਕ ਪ੍ਰਚਾਰਕ ਅਤੇ ਕੀਰਤਨੀਏ ਫਤਿਹਗੜ੍ਹ ਸਾਹਿਬ ਤੋਂ ਮੁੱਖ ਮੰਤਰੀ ਦੀ ਕੋਠੀ ਤੱਕ ਮਾਰਚ ਕਰਕੇ ਆਪਣਾ ਖੂਨ ਭੇਂਟ ਕਰਨ ਲਈ ਗਏ ਸਨ। ਪਰ ਸਰਕਾਰ ਇਨ੍ਹਾਂ ਸ਼ਾਂਤਮਈ ਪੰਥਕ ਪ੍ਰਚਾਰਕਾਂ ਅਤੇ ਕੀਰਤਨੀਆਂ ਨਾਲ ਵੀ ਗੱਲ ਕਰਨ ਤੋਂ ਪਿੱਛੇ ਹੱਟ ਗਈ। ਦੇਰ ਰਾਤ ਤੱਕ ਉਨ੍ਹਾਂ ਨੂੰ ਚੰਡੀਗੜ੍ਹ ਦੇ ਬਾਹਰ ਹੀ ਪੁਲਿਸ ਨੇ ਰੋਕੀ ਰੱਖਿਆ। 3 ਨਵੰਬਰ ਨੂੰ ਮੁੜ ਫਿਰ ਸਿੱਖਾਂ ਨੇ ਥਾਂ-ਥਾਂ ਸੜਕਾਂ ਉਪਰ ਖਲੋ ਕੇ, ਕਾਲੀਆਂ ਝੰਡੀਆਂ ਚੁੱਕ ਕੇ ਅਤੇ ਬੈਨਰ ਹੱਥਾਂ ਵਿਚ ਫੜ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਅਸੀਂ ਵੇਖ ਰਹੇ ਹਾਂ ਕਿ ਜਿਥੇ ਹੁਣ ਤੱਕ ਸਥਾਪਿਤ ਚੱਲਿਆ ਆ ਰਿਹਾ ਅਕਾਲੀ ਦਲ ਵਾਪਰੀਆਂ ਘਟਨਾਵਾਂ ਕਾਰਨ ਸਿੱਖਾਂ ਵਿਚੋਂ ਪੂਰੀ ਤਰ੍ਹਾਂ ਨਿਖੜ ਗਿਆ ਹੈ, ਉਥੇ ਇਹ ਨਵੇਂ ਗਰੁੱਪ, ਇਕ ਬਦਲ ਵਜੋਂ ਉੱਭਰ ਰਹੇ ਹਨ। ਹੁਣ ਜਦ ਦੇਸ਼-ਵਿਦੇਸ਼ ਵਿਚ ਸਿੱਖਾਂ ਅੰਦਰ ਮੌਜੂਦਾ ਧਾਰਮਿਕ ਅਤੇ ਰਾਜਸੀ ਲੀਡਰਸ਼ਿਪ ਖਿਲਾਫ ਵੱਡਾ ਰੋਸ ਅਤੇ ਗੁੱਸਾ ਫੈਲਿਆ ਹੋਇਆ ਹੈ, ਤਾਂ ਇਸ ਵੇਲੇ ਲੋੜ ਹੈ ਕਿ ਲੋਕਾਂ ਨੂੰ ਧਾਰਮਿਕ ਅਤੇ ਰਾਜਸੀ ਖੇਤਰ ਵਿਚ ਨਵੀਂ ਸੇਧ ਦੇਣ ਲਈ ਕੋਈ ਆਗੂ ਅਤੇ ਸੰਸਥਾ ਬਦਲ ਵਜੋਂ ਸਾਹਮਣੇ ਆਵੇ। ਪਹਿਲਾ ਸਵਾਲ ਤਾਂ ਇਹ ਉੱਠ ਰਿਹਾ ਹੈ ਕਿ ਸਿੱਖ ਹੁਣ ਸਿਰਫ ਪੰਜਾਬ ਵਿਚ ਹੀ ਨਹੀਂ ਹਨ, ਸਗੋਂ ਸਿੱਖੀ ਦਾ ਘੇਰਾ ਪੂਰੀ ਦੁਨੀਆ ਤੱਕ ਫੈਲ ਚੁੱਕਿਆ ਹੈ। ਇਸ ਕਰਕੇ ਸਿੱਖ ਲੀਡਰਸ਼ਿਪ ਦੀ ਸੋਚ ਅਤੇ ਕਾਰ-ਵਿਹਾਰ ਸਿਰਫ ਪੰਜਾਬ ਦੀ ਰਾਜਸੀ ਤਾਕਤ ਹਥਿਆਉਣ ਤੱਕ ਹੀ ਸੀਮਤ ਨਾ ਹੋਵੇ, ਸਗੋਂ ਅਜਿਹੀ ਸਿੱਖ ਲੀਡਰਸ਼ਿਪ ਪੈਦਾ ਕੀਤੀ ਜਾਵੇ, ਜੋ ਧਾਰਮਿਕ ਅਤੇ ਸਿਆਸੀ ਖੇਤਰ ਵਿਚ ਪੂਰੀ ਦੁਨੀਆ ਅੰਦਰ ਵਸੇ ਸਿੱਖਾਂ ਨੂੰ ਸੱਜਰੇ ਢੰਗ ਨਾਲ ਅਗਵਾਈ ਦੇ ਸਕੇ। ਪੰਜਾਬ ਅੰਦਰ ਸੱਤਾ ਹਾਸਲ ਕਰਨ ਦਾ ਮੰਤਵ ਇਸ ਸਮੁੱਚੇ ਦਾਇਰੇ ਅੰਦਰ ਰਹਿੰਦਿਆਂ ਹੀ ਨਜਿੱਠਣ ਦੀ ਸੋਚ ਉਭਾਰੀ ਜਾਵੇ। ਕਿਉਂਕਿ ਜੇਕਰ ਪੰਜਾਬ ਅੰਦਰ ਸੱਤਾ ਹਾਸਲ ਕਰਨ ਅਤੇ ਸਿੱਖ ਪ੍ਰਤੀਨਿੱਧਤਾ ਵਿਚਕਾਰ ਵਿਰੋਧ ਆ ਖੜ੍ਹਾ ਹੋਇਆ, ਤਾਂ ਇਸ ਨਾਲ ਲਾਜ਼ਮੀ ਸਿੱਖੀ ਪ੍ਰੰਪਰਾਵਾਂ ਅਤੇ ਸਥਾਨਾਂ ਦਾ ਨੁਕਸਾਨ ਹੁੰਦਾ ਹੈ। ਅੱਜਕੱਲ੍ਹ ਅਜਿਹਾ ਹੀ ਵਾਪਰ ਰਿਹਾ ਹੈ। ਅਕਾਲੀ ਦਲ ਬਾਦਲ ਨੇ ਆਪਣੇ ਰਾਜ ਭਾਗ ਚਲਾਉਣ ਲਈ ਸਿੱਖਾਂ ਦੇ ਧਾਰਮਿਕ ਅਸਥਾਨਾਂ, ਪ੍ਰੰਪਰਾਵਾਂ ਅਤੇ ਮਰਿਆਦਾ ਨੂੰ ਛਿੱਕੇ ਉਪਰ ਟੰਗ ਦਿੱਤਾ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਧਾਰਮਿਕ ਖੇਤਰ ਵਿਚ ਇਕ ਵੱਡੇ ਸੰਕਟ ਦਾ ਸ਼ਿਕਾਰ ਹਨ।
ਪ੍ਰਵਾਸੀ ਸਿੱਖਾਂ ‘ਚ ਪੰਜਾਬ ਵਿਚ ਵਾਪਰਦੀ ਹਰ ਘਟਨਾ ਬਾਰੇ ਸੋਚਣਾ ਅਤੇ ਪ੍ਰਤੀਕਰਮ ਜ਼ਾਹਿਰ ਕਰਨਾ ਕੋਈ ਨਵੀਂ ਗੱਲ ਨਹੀਂ। ਪੰਜਾਬ ਵਿਚ ਵਾਪਰਦੀਆਂ ਸਭ ਘਟਨਾਵਾਂ ਸਿੱਖਾਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਹੁਣ ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਨੂੰ ਮੁਆਫ ਕੀਤੇ ਜਾਣ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਤਾਂ ਪ੍ਰਵਾਸੀ ਸਿੱਖਾਂ ਵਿਚ ਬਹੁਤ ਤਿੱਖਾ ਰੋਸ ਹੈ। ਪਰ ਪ੍ਰਵਾਸੀ ਸਿੱਖਾਂ ਨੂੰ ਅਪੀਲ ਹੈ ਕਿ ਉਹ ਇਸ ਗਮ ਅਤੇ ਗੁੱਸੇ ਨੂੰ ਅਜਿਹੇ ਢੰਗ ਨਾਲ ਪ੍ਰਗਟ ਕਰਨ ਕਿ ਇਸ ਨਾਲ ਨਾ ਤਾਂ ਵਿਦੇਸ਼ਾਂ ਵਿਚ ਸਿੱਖਾਂ ਦੇ ਪ੍ਰਭਾਵ ਨੂੰ ਕੋਈ ਆਂਚ ਆਵੇ ਅਤੇ ਨਾ ਹੀ ਪੰਜਾਬ ਵਿਚ ਫਿਰਕੂ ਏਕਤਾ ਅਤੇ ਅਮਨ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੀ ਪੁੱਜੇ। ਪੰਜਾਬ ਅੰਦਰ ਨਵੀਂ ਉੱਭਰ ਰਹੀ ਪੰਥਕ ਲੀਡਰਸ਼ਿਪ ਨੇ ਪਿਛਲੇ ਤਜ਼ਰਬਿਆਂ ਤੋਂ ਸਬਕ ਸਿਖਦਿਆਂ ਜੋ ਨਵੇਂ ਪ੍ਰੋਗਰਾਮ ਦੇਣੇ ਸ਼ੁਰੂ ਕੀਤੇ ਹਨ, ਉਨ੍ਹਾਂ ਵਿਚ ਸਭ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਿਆ ਜਾ ਰਿਹਾ ਹੈ ਕਿ ਉਸ ਨਾਲ ਕਿਸੇ ਵੀ ਤਰ੍ਹਾਂ ਫਿਰਕੂ ਭਾਵਨਾਵਾਂ ਅਸਰਅੰਦਾਜ਼ ਨਾ ਹੋਣ ਅਤੇ ਨਾ ਹੀ ਸੰਘਰਸ਼ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੀ ਆਵੇ। 3 ਨਵੰਬਰ ਦਾ ਕਾਲੀਆਂ ਝੰਡੀਆਂ ਲੈ ਕੇ ਕੀਤਾ ਗਿਆ ਰੋਸ ਪ੍ਰਗਟਾਵਾ ਇਸ ਗੱਲ ਦੀ ਹੀ ਗਵਾਹੀ ਹੈ ਕਿ ਲੋਕਾਂ ਨੇ ਸੜਕਾਂ ਉਪਰ ਆ ਕੇ ਆਪਣਾ ਰੋਸ ਵੀ ਜ਼ਾਹਿਰ ਕਰ ਲਿਆ ਅਤੇ ਕਿਸੇ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਵੀ ਨਹੀਂ ਹੋਈ। ਸਾਡਾ ਮੰਨਣਾ ਹੈ ਕਿ ਅੱਜ ਦੇ ਜ਼ਮਾਨੇ ਵਿਚ ਸੰਘਰਸ਼ ਦੇ ਅਜਿਹੇ ਪ੍ਰੋਗਰਾਮ ਹੀ ਕਾਮਯਾਬ ਹੋਣਗੇ, ਜੋ ਸਭਨਾਂ ਭਾਈਚਾਰਿਆਂ ਅੰਦਰ ਪ੍ਰਵਾਨ ਹੋ ਸਕਣ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਿੱਤੇ ਬਗੈਰ ਰੋਸ ਪ੍ਰਗਟ ਕਰਨ ਵਾਲੇ ਹੋਣ।
There are no comments at the moment, do you want to add one?
Write a comment