ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਦਿਵਾਈ ਜਾਵੇਗੀ ਸਖਤ ਤੋਂ ਸਖਤ ਸਜ਼ਾ; ਰਾਸ਼ਟਰਪਤੀ ਅਸ਼ਰਫ ਗਨੀ

-ਪਹੁੰਚੇ ਕਾਬੁਲ ‘ਚ ਸਥਿਤ ਗੁਰਦੁਆਰੇ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦਾ ਕੀਤਾ ਵਾਅਦਾ
ਕਾਬੁਲ, 5 ਜੂਲਾਈ (ਪੰਜਾਬ ਮੇਲ)- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀਰਵਾਰ ਨੂੰ ਕਿਹਾ ਕਿ, ‘ਜਲਾਲਾਬਾਦ ‘ਚ ਸਿੱਖਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਹਮਲੇ ਦੀ ਪੂਰੀ ਜਾਂਚ ਕਰਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।’ ਰਾਸ਼ਟਰਪਤੀ ਵੀਰਵਾਰ ਕਾਬੁਲ ‘ਚ ਸਥਿਤ ਗੁਰਦੁਆਰੇ ਗਏ ਅਤੇ ਘੱਟ ਗਿਣਤੀ ਭਾਈਚਾਰੇ ਦੇ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ।
ਰਾਸ਼ਟਰਪਤੀ ਦੇ ਦਫਤਰ ਏ. ਆਰ. ਜੀ. ਪੈਲੇਸ ਨੇ ਦੱਸਿਆ ਕਿ, ‘ਰਾਸ਼ਟਰਪਤੀ ਗਨੀ ਕਾਬੁਲ ਸ਼ਹਿਰ ਦੇ ਕਾਰਤ-ਏ-ਪਰਿਵਾਨ ਇਲਾਕੇ ‘ਚ ਸਥਿਤ ਗੁਰਦੁਆਰੇ ਗਏ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।’ ਏ. ਆਰ. ਜੀ. ਨੇ ਇਕ ਬਿਆਨ ‘ਚ ਕਿਹਾ ਕਿ, ‘ਰਾਸ਼ਟਰਪਤੀ ਗਨੀ ਨੇ ਵਾਅਦਾ ਕੀਤਾ ਕਿ ਘਟਨਾ ਦੀ ਪੂਰੀ ਜਾਂਚ ਕਰਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।’
ਜਲਾਲਾਬਾਦ ਹਮਲੇ ‘ਚ 17 ਸਿੱਖ ਸਮੇਤ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਸੀ। ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਦੇਸ਼ ਦਾ ਮਾਣ ਦੱਸਦੇ ਹੋਏ ਰਾਸ਼ਟਰਪਤੀ ਗਨੀ ਨੇ ਕਿਹਾ ਕਿ, ‘ਸਰਕਾਰ ਅਫਗਾਨ ਸਿੱਖ ਅਤੇ ਹਿੰਦੂਆਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।’ ਗੁਰਦੁਆਰੇ ‘ਚ ਅਫਗਾਨ ਸਿੱਖ ਭਾਈਚਾਰੇ ਵੱਲੋਂ ਸੁਰਪਾਲ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਰਾਸ਼ਟਰਪਤੀ ਗਨੀ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਨਰਿੰਦਰ ਸਿੰਘ ਨੂੰ ਅਫਗਾਨਿਸਤਾਨ ‘ਚ ਹਿੰਦੂ ਅਤੇ ਸਿੱਖ ਭਾਈਚਾਰੇ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਵੀ ਅੱਤਵਾਦੀ ਹਮਲੇ ‘ਚ ਜਾਨ ਗਵਾਉਣ ਵਾਲੇ ਸਿੱਖਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਨ ਲਈ ਗੁਰਦੁਆਰੇ ਪਹੁੰਚੇ।