ਸਿੰਘੂ ਬਾਰਡਰ ‘ਤੇ ਕਿਸਾਨੀ ਸੰਘਰਸ਼ ਦੌਰਾਨ ਭਿੰਡਰ ਕਲਾਂ ਦੇ ਕਿਸਾਨ ਦੀ ਮੌਤ

66
Share

ਮੋਗਾ, 15 ਦਸੰਬਰ (ਪੰਜਾਬ ਮੇਲ)- ਸਿੰਘੂ ਬਾਰਡਰ ‘ਤੇ ਪਿੰਡ ਭਿੰਡਰ ਕਲਾਂ ਦੇ ਮੱਖਣ ਖ਼ਾਨ (45) ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਮੱਖਣ ਖਾਨ ਕੋਲ ਜ਼ਮੀਨ ਤਾਂ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਸੀ। ਸੋਮਵਾਰ ਨੂੰ ਕਿਸਾਨਾਂ ਦੀ ਹੜਤਾਲ ਵਿਚ ਹਿੱਸਾ ਲੈਣ ਸਮੇਂ ਜਦੋਂ ਸਟੇਜ ‘ਤੇ ਬੁਲਾਰਾ ਬੋਲ ਰਿਹਾ ਸੀ ਤਾਂ ਸਟੇਜ ਦੇ ਇਕ ਪਾਸੇ ਖੜ੍ਹੇ ਮੱਖਣ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੱਖਣ ਖ਼ਾਨ ਦੀ ਮ੍ਰਿਤਕ ਦੇਹ ਨੂੰ ਬਾਅਦ ਵਿਚ ਸੋਨੀਪਤ ਦੇ ਹਸਪਤਾਲ ਵਿਚ ਲਿਜਾਇਆ ਗਿਆ। ਗ਼ਰੀਬ ਪਰਿਵਾਰ ਨਾਲ ਸੰਬੰਧਤ ਮੱਖਣ ਖ਼ਾਨ ਪਸ਼ੂਆਂ ਦਾ ਕਾਰੋਬਾਰ ਕਰਦਾ ਸੀ।
ਪਿੰਡ ਭਿੰਡਰ ਕਲਾਂ ਦੇ ਸਰਪੰਚ ਜਗਸੀਰ ਸਿੰਘ ਸਿਰਾ ਨੇ ਕਿਹਾ ਕਿ ਮੱਖਣ ਖ਼ਾਨ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜਿਆ ਹੈ। ਉਹ ਕੁਝ ਦਿਨ ਘਰ ‘ਚ ਰਹਿਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਦਿੱਲੀ ਦੇ ਸਿੰਘੂ ਬਾਰਡਰ ‘ਤੇ ਧਰਨੇ ਵਿਚ ਚਲਾ ਗਿਆ ਸੀ। ਜਿਸ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਬਹੁਤ ਗ਼ਰੀਬ ਹੈ। ਇਸ ਲਈ ਸਰਕਾਰ ਨੂੰ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੇ ਨਾਲ ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।


Share