ਸਿੰਗਾਪੁਰ ਰਾਸ਼ਟਰਪਤੀ ਚੋਣਾਂ; ਭਾਰਤੀ ਮੂਲ ਦੀ ਹਾਲਿਮਾ ਯਾਕੂਬ ਮਜ਼ਬੂਤ ਦਾਅਵੇਦਾਰ

ਸਿੰਗਾਪੁਰ, 30 ਜੁਲਾਈ (ਪੰਜਾਬ ਮੇਲ)- ਸਿੰਗਾਪੁਰ ਵਿਚ ਹੋਣ ਵਾਲੀ ਅਗਲੀ ਰਾਸ਼ਟਰਪਤੀ ਚੋਣ ਵਿਚ ਭਾਰਤੀ ਮੂਲ ਦੀ ਹਾਲਿਮਾ ਯਾਕੂਬ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਉੱਥੇ ਉਸ ਦੇ ਵਿਰੋਧ ਵਿਚ ਪਾਕਿਸਤਾਨ ਮੂਲ ਦੇ ਉਮੀਦਵਾਰ ਦੇ ਉਤਰਨ ਦੀ ਸੰਭਾਵਨਾ ਹੈ। ਹਾਲਾਂਕਿ ਦੋਹਾਂ ਪ੍ਰਮੁੱਖ ਉਮੀਦਵਾਰਾਂ ਨੂੰ ਲੈ ਕੇ ਦੇਸ਼ ਵਿਚ ਬਹਿਸ ਚੱਲ ਰਹੀ ਹੈ ਕੀ ਇਹ ਅਸਲ ਵਿਚ ਮਾਲੇਈ ਹਨ? ਕਿਉਂਕਿ ਇਸ ਵਾਰੀ ਇਹ ਅਹੁੱਦਾ ਮਾਲੇਈ ਲਈ ਰਾਖਵਾਂ ਹੈ।
ਸਤੰਬਰ ਵਿਚ ਹੋਣ ਵਾਲੀਆਂ ਚੋਣਾਂ ਲਈ ਸਭ ਤੋਂ ਜ਼ਿਆਦਾ ਪਸੰਦੀਦਾ ਉਮੀਦਵਾਰ ਸੰਸਦ ਸਪੀਕਰ ਹਾਲਿਮਾ ਯਾਕੂਬ ਹੈ। ਹਾਲਾਂਕਿ ਹੁਣ ਤੱਕ ਚੋਣ ਲੜਨ ਬਾਰੇ ਉਹ ਅਖੀਰੀ ਫੈਸਲਾ ਨਹੀਂ ਲੈ ਪਾਈ ਹੈ। ਦੋ ਹਫਤੇ ਪਹਿਲਾਂ ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਕਿਹਾ ਸੀ ਕਿ ਉਹ ਇਸ ਬਾਰੇ ਵਿਚਾਰ ਕਰ ਰਹੀ ਹੈ।
ਸੂਤਰਾਂ ਮੁਤਾਬਕ ਹਾਲਿਮਾ ਦੇ ਪਿਤਾ ਭਾਰਤੀ ਅਤੇ ਮਾਂ ਮਾਲੇਈ ਹੈ। ਇਸ ਲਈ ਉਸ ਦੀ ਪਛਾਣ ਇਕ ਭਾਰਤੀ ਦੇ ਰੂਪ ਵਿਚ ਕੀਤੀ ਜਾ ਰਹੀ ਹੈ। ਪਰ ਉਹ ਖੁਦ ਨੂੰ ਮਾਲੇਈ ਦੱਸਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2015, ਸਾਲ 2011, ਸਾਲ 2006 ਅਤੇ ਸਾਲ 2001 ਦੀਆਂ ਆਮ ਚੋਣਾਂ ਲਈ ਉਸ ਨੂੰ ਮਾਲੇਈ ਕਬੀਲੇ ਦੇ ਮੈਂਬਰ ਦੇ ਰੂਪ ਵਿਚ ਪ੍ਰਮਾਣਿਤ ਕੀਤਾ ਗਿਆ ਹੈ।
ਉੱਥੇ ਦੂਜੇ ਸੰਭਾਵਿਤ ਉਮੀਦਵਾਰ ਫਰੀਦ ਖਾਨ ਪਾਕਿਸਤਾਨੀ ਮੂਲ ਦੇ ਹਨ। ਪਰ ਉਨ੍ਹਾਂ ਦਾ ਪੂਰਾ ਪਰਿਵਾਰ ਮਾਲੇਈ ਸੰਸਕ੍ਰਿਤੀ ਨੂੰ ਮੰਨਦਾ ਹੈ ਅਤੇ ਮਾਲੇਈ ਭਾਸ਼ਾ ਹੀ ਬੋਲਦਾ ਹੈ। ਇਸ ਲਈ ਉਹ ਖੁਦ ਨੂੰ ਪਾਕਿਸਤਾਨੀ ਦੀ ਬਜਾਇ ਮਾਲੇਈ ਕਹਾਉਣਾ ਪਸੰਦ ਕਰਦੇ ਹਨ।
ਗੌਰਤਲਬ ਹੈ ਕਿ ਸਿੰਗਾਪੁਰ ਵਿਚ ਇਸ ਚੋਣ ਲਈ ਪਹਿਲੀ ਵਾਰੀ ਰਾਸ਼ਟਰਪਤੀ ਦਾ ਅਹੁੱਦਾ ਮਾਲੇਈ ਮੁਸਲਮਾਨਾਂ ਲਈ ਰਾਂਖਵਾ ਰੱਖਿਆ ਗਿਆ ਹੈ। ਬਹੁ-ਜਾਤੀਵਾਦ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਬੀਤੇ ਸਾਲ ਨਵਬੰਰ ਵਿਚ ਸੰਸਦ ਵਿਚ ਪਾਸ ਕੀਤੇ ਬਿੱਲ ਦੇ ਤਹਿਤ ਅਜਿਹਾ ਕੀਤਾ ਗਿਆ ਹੈ।