ਸਿਹਤ ਵਿਭਾਗ ਤੇ ਪੁਲਿਸ ਦੇ ਕਰਮਚਾਰੀਆਂ ਲਈ ਡਾ.ਓਬਰਾਏ ਦੀ ਵੱਡੀ ਪਹਿਲਕਦਮੀ

375
ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਪੀ.ਪੀ.ਈ. ਕਿੱਟਾਂ,ਮਾਸਕ ਤੇ ਹੋਰ ਸਾਮਾਨ ਰਵਾਨਾ ਕਰਨ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਤੇ ਹੋਰ ।  
Share

ਸਰਬੱਤ ਦਾ ਭਲਾ ਟਰੱਸਟ ਨੇ ਹਸਪਤਾਲਾਂ ਲਈ ਲੋੜੀਂਦੇ ਸਾਮਾਨ ਦੀ ਪਹਿਲੀ ਖੇਪ ਭੇਜੀ
-ਪੀ.ਜੀ.ਆਈ. ਤੋਂ ਇਲਾਵਾ ਜਲੰਧਰ, ਨਵਾਂ ਸ਼ਹਿਰ, ਫਗਵਾੜਾ, ਕਪੂਰਥਲਾ, ਟਾਂਡਾ ਤੇ ਹੁਸ਼ਿਆਰਪੁਰ ਪ੍ਰਸ਼ਾਸ਼ਨ ਨੂੰ ਵੱਡੀ ਗਿਣਤੀ ‘ਚ ਭੇਜੀਆਂ ਪੀ.ਪੀ.ਈ. ਕਿੱਟਾਂ ਤੇ ਮਾਸਕ
-ਪ੍ਰਸ਼ਾਸਨ ਦੀ ਮੰਗ ਤੇ ਲੋੜੀਂਦੇ ਸਮਾਨ ਦੀ ਸਪਲਾਈ ਨਿਰੰਤਰ ਰਹੇਗੀ ਜਾਰੀ : ਡਾ. ਓਬਰਾਏ
ਜਲੰਧਰ, 13 ਅਪ੍ਰੈਲ (ਪੰਜਾਬ ਮੇਲ)- ਆਪਣੇ ਵਿਲੱਖਣ ਤੇ ਵੱਡੇ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਇੱਕ ਵੱਖਰੀ ਪਛਾਣ ਬਣਾ ਚੁੱਕੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ ਅੱਜ ਪੀ.ਜੀ.ਆਈ. ਤੋਂ ਇਲਾਵਾ ਜਲੰਧਰ,ਨਵਾਂ ਸ਼ਹਿਰ,ਫਗਵਾੜਾ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਵੱਡੀ ਗਿਣਤੀ ‘ਚ ਪੀ.ਪੀ.ਈ. ਕਿੱਟਾਂ,ਐੱਨ-95 ਮਾਸਕ ਅਤੇ ਟ੍ਰਿਪਲ ਲੇਅਰ ਸਰਜੀਕਲ ਮਾਸਕ ਭੇਜੇ ਗਏ ਹਨ।ਜਿਸ ਸਦਕਾ ਕਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਇਨ੍ਹਾਂ ਜਿਲ੍ਹਿਆਂ ਦੇ ਸਿਹਤ,ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੇਗੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋੰ ਅੱਜ ਆਪਣੇ ਪਹਿਲੇ ਪੜਾਅ ਤਹਿਤ ਜਲੰਧਰ,ਨਵਾਂਸ਼ਹਿਰ, ਹੁਸ਼ਿਆਰਪੁਰ,ਫ਼ਗਵਾੜਾ,ਕਪੂਰਥਲਾ ਤੇ ਟਾਂਡਾ ਦੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮੰਗ ਅਨੁਸਾਰ 1000 ਪੀ.ਪੀ.ਈ. ਕਿੱਟਾਂ,1000 ਐੱਨ-95 ਮਾਸਕ ,5000 ਧੋਣ ਉਪਰੰਤ ਮੁੜ ਵਰਤੋਂ ‘ਚ ਆਉਣ ਵਾਲਾ ਸਰਜੀਕਲ ਟ੍ਰਿਪਲ ਲੇਅਰ ਭੇਜੇ ਗਏ ਹਨ ਜਦ ਕਿ ਜਲੰਧਰ ਪੁਲਿਸ ਪ੍ਰਸ਼ਾਸਨ ਨੂੰ ਦੋ ਬਕਸੇ ਸੈਨੀਟਾਈਜਰ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਭੇਜਿਆ ਗਿਆ ਇਹ ਸਾਮਾਨ ਸਬੰਧਤ ਜ਼ਿਲਿਆਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੇ ਖੇਤਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਿਸ ਦੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ੍ਹ ਦੇ ਕਾਰਡੀਓ ਵਿੰਗ ਦੇ ਮੁਖੀ ਡਾ. ਯਸ਼ਪਾਲ ਹੁਣਾਂ ਦੀ ਮੰਗ ਤੇ ਉਨ੍ਹਾਂ ਨੂੰ ਵੀ ਲੋੜੀਂਦਾ ਸਾਮਾਨ ਟਰੱਸਟ ਵੱਲੋਂ ਭੇਜ ਦਿੱਤਾ ਗਿਆ ਹੈ ਜਦ ਕਿ ਬਾਕੀ ਰਹਿੰਦੇ ਜ਼ਿਲ੍ਹਿਆਂ ਅੰਦਰ ਵੀ ਲੋੜੀਂਦਾ ਸਾਰਾ ਸਾਮਾਨ ਬਹੁਤ ਜਲਦ ਪਹੁੰਚ ਜਾਵੇਗਾ।
ਡਾ. ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਟਰੱਸਟ ਦੇ ਬਜਟ ਵਿੱਚ ਵਾਧਾ ਕਰਦਿਆਂ ਹੋਇਆਂ ਵੱਡੀ ਰਕਮ ਸਿਹਤ ਤੇ ਪੁਲਿਸ ਕਰਮਚਾਰੀਆਂ ਲਈ ਲੋੜੀਂਦੇ ਸਾਮਾਨ ਮੁਹੱਈਆ ਕਰਾਉਣ ਤੋਂ ਇਲਾਵਾ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਵੱਲੋਂ ਕੀਤੀ ਜਾਣ ਵਾਲੀ ਇਹ ਸਾਰੀ ਸੇਵਾ ਸੂਬੇ ਦੇ ਵੱਖ -ਵੱਖ ਜਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਢੁੱਕਵੀਆਂ ਥਾਵਾਂ ਤੇ ਹੀ ਕੀਤੀ ਜਾ ਰਹੀ ਹੈ। ਜਿਸ ਲਈ ਟਰੱਸਟ ਦੀਆਂ ਸਮੁੱਚੀਆਂ ਜ਼ਿਲ੍ਹਾ ਇਕਾਈਆਂ ਦੇ ਸੇਵਾਦਾਰ ਵੀ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਡਾ. ਓਬਰਾਏ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਮੰਗ ਅਨੁਸਾਰ ਵੈਂਟੀਲੇਟਰ, ਪੀ.ਪੀ.ਈ., ਕਿੱਟਾਂ,ਐੱਨ-95 ਮਾਸਕ,ਸਰਜੀਕਲ ਟ੍ਰਿਪਲ ਲੇਅਰ ਮਾਸਕ ਤੇ ਹੋਰ ਲੋੜੀਂਦੇ ਜ਼ਰੂਰੀ ਸਮਾਨ ਤੋਂ ਇਲਾਵਾ ਲੋੜਵੰਦਾਂ ਨੂੰ ਰਾਸ਼ਨ ਦੇਣ ਦਾ ਕੰਮ ਆਉਣ ਵਾਲੇ ਸਮੇਂ ‘ਚ ਵੀ ਨਿਰੰਤਰ ਜਾਰੀ ਰਹੇਗੀ।


Share