ਸਿਹਤਮੰਦ ਲੋਕਾਂ ਨੂੰ ਵੈਕਸੀਨ ਲਈ 2022 ਤੱਕ ਕਰਨਾ ਪੈ ਸਕਦਾ ਹੈ ਇੰਤਜ਼ਾਰ!

387
Share

ਜਨੇਵਾ, 17 ਅਕਤੂਬਰ (ਪੰਜਾਬ ਮੇਲ)- ਇਕ ਪਾਸੇ ਜਿਥੇ ਪੂਰੀ ਦੁਨੀਆਂ ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਕੋਰੋਨਾ ਵੈਕਸੀਨ ਦੇ ਆਉਣ ਦੀਆਂ ਉਮੀਦਾਂ ਲਾ ਰਹੀਆਂ ਹੈ, ਉਥੇ ਹੀ ਸਿਹਤਮੰਦ ਲੋਕਾਂ ਨੂੰ ਵੈਕਸੀਨ ਲਈ 2022 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਭ ਤੋਂ ਪਹਿਲਾਂ ਵੈਕਸੀਨ ਹੈਲਥ ਵਰਕਰਸ ਨੂੰ ਅਤੇ ਅਜਿਹੇ ਲੋਕਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੋਵੇਗਾ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ ਕਿ ਵੈਕਸੀਨ ਲਈ ਕਿਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਆਨਲਾਈਨ ਆਯੋਜਿਤ ਇਕ ਸਵਾਲ-ਜਵਾਬ ਪ੍ਰੋਗਰਾਮ ਵਿਚ ਡਬਲਯੂ.ਐੱਚ.ਓ. ਦੀ ਚੀਫ ਸਾਇੰਸਦਾਨ ਸੋਮਿਆ ਸਵਾਮਿਨਾਥਨ ਨੇ ਆਖਿਆ ਹੈ ਕਿ ਸਾਲ 2021 ਦੇ ਆਖਿਰ ਤੱਕ ਇਕ ਅਸਰਦਾਰ ਵੈਕਸੀਨ ਜ਼ਰੂਰ ਆ ਜਾਵੇਗੀ ਪਰ ਇਸ ਦੀ ਗਿਣਤੀ ਸੀਮਤ ਹੋਵੇਗੀ।
ਸਵਾਮਿਨਾਥਨ ਨੇ ਤਰਜ਼ੀਹ ਦੇ ਬਾਰੇ ਵਿਚ ਦੱਸਿਆ ਕਿ ਜ਼ਿਆਦਾਤਰ ਲੋਕ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਸਭ ਤੋਂ ਪਹਿਲਾਂ ਹੈਲਥ ਕੇਅਰ, ਫਰੰਟਲਾਈਨ ਵਰਕਰਸ ਤੋਂ ਸ਼ੁਰੂਆਤ ਕੀਤੀ ਜਾਵੇਗੀ ਪਰ ਉਥੇ ਵੀ ਦੇਖਿਆ ਜਾਵੇਗਾ ਕਿ ਕਿਸੇ ਨੂੰ ਕਿੰਨਾ ਖਤਰਾ ਹੈ। ਉਨ੍ਹਾਂ ਤੋਂ ਬਾਅਦ ਬਜ਼ੁਰਗਾਂ ਨੂੰ ਅਤੇ ਫਿਰ ਇਸ ਤਰ੍ਹਾਂ ਨਾਲ ਹੋਰ ਅੱਗੇ। ਉਨ੍ਹਾਂ ਆਖਿਆ ਕਿ ਕਾਫੀ ਸਾਰੇ ਨਿਰਦੇਸ਼ ਆਉਣਗੇ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਔਸਤ ਇਨਸਾਨ, ਸਿਹਤਮੰਦ ਇਨਸਾਨ ਨੂੰ 2022 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।


Share