ਸਿਰਫ਼ ਮੈਰਿਟ ਆਧਾਰ ‘ਤੇ ਹੀ ਲੋਕ ਆਉਣ ਅਮਰੀਕਾ : ਟਰੰਪ

June 27
10:17
2018
ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀਆਂ ਕੌਮੀ ਸਰਹੱਦਾਂ ਦੀ ਸੁਰੱਖਿਆ ਕਰਨ ਤੇ ਅਮਰੀਕਾ ਵਿਚ ਹੋ ਰਹੇ ਨਾਜਾਇਜ਼ ਦਾਖਲੇ ਰੋਕਣ ਦਾ ਅਹਿਦ ਲੈਂਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ‘ਚ ਲੋਕ ਸਿਰਫ਼ ਮੈਰਿਟ ਦੇ ਆਧਾਰ ‘ਤੇ ਹੀ ਦਾਖਲ ਹੋਣ।
ਟਰੰਪ ਨੇ ਸਖ਼ਤ ਆਲੋਚਨਾਵਾਂ ਵਿਚਾਲੇ ਇਸ ਹਫ਼ਤੇ ਦੇ ਸ਼ੁਰੂਆਤ ‘ਚ ਪ੍ਰਵਾਸੀ ਪਰਿਵਾਰਾਂ ਨੂੰ ਬੱਚਿਆਂ ਤੋਂ ਵੱਖ ਕਰਨ ਦੀ ਵਿਵਾਦਿਤ ਨੀਤੀ ਵਾਪਸ ਲੈ ਲਈ ਸੀ। ਟਰੰਪ ਨੇ ਦੇਸ਼ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵ੍ਹਾਈਟ ਹਾਊਸ ‘ਚ ਇਕ ਸਮਾਗਮ ਦੌਰਾਨ ਗੱਲ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਫਰਜ਼ ਤੇ ਵੱਡੀ ਵਫ਼ਾਦਾਰੀ ਅਮਰੀਕਾ ਦੇ ਲੋਕਾਂ ਪ੍ਰਤੀ ਹੈ। ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ‘ਚ ਸਿਰਫ਼ ਉਹੀ ਲੋਕ ਆਉਣ, ਜੋ ਯੋਗ ਹੋਣ ਨਾ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਹੋਰ ਲੋਕ ਕੂੜੇ ਦੇ ਡੱਬੇ ‘ਚ ਪਾ ਦਿੰਦੇ ਹਨ।