ਸਿਡਨੀ ’ਚ ‘ਕਿਸਾਨ ਅੰਦੋਲਨ’ ਕਾਰਨ ਸਿੱਖ ਵਿਅਕਤੀਆਂ ਦੇ ਸਮੂਹ ’ਤੇ ਕਾਤਲਾਨਾ ਹਮਲਾ

100
Share

* ਹਮਲੇ ਪਿੱਛੇ ਮੋਦੀ ਸਮਰਥਕਾਂ ਦੇ ਹੋਣ ਦਾ ਖਦਸ਼ਾ
ਚੰਡੀਗੜ੍ਹ, 4 ਮਾਰਚ (ਪੰਜਾਬ ਮੇਲ)-ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ’ਚ ਸਿੱਖ ਵਿਅਕਤੀਆਂ ਦੇ ਇਕ ਸਮੂਹ ’ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਇਸ ਨੂੰ ‘ਨਫ਼ਰਤੀ’ ਹਮਲਾ ਮੰਨ ਕੇ ਚੱਲ ਰਹੀ ਹੈ। ਸਿਡਨੀ ਪੁਲਿਸ ਮੁਤਾਬਕ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀਆਂ ਸੀਮਾਵਾਂ ਉੱਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਉੱਥੇ ਸਿੰਘੂ ਤੇ ਟਿੱਕਰੀ ਬਾਰਡਰ ਉੱਤੇ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ। ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਹੱਕ ਵਿਚ ਹਨ। ਇਸ ਤਾਜ਼ਾ ਹਮਲੇ ਪਿੱਛੇ ਸਰਕਾਰੀ ਸਮਰਥਕਾਂ ਦੇ ਹੋਣ ਦਾ ਖ਼ਦਸ਼ਾ ਹੈ ਪਰ ਇਸ ਦੋਸ਼ ਦੀ ਹਾਲ ਦੀ ਘੜੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਹਾਲੇ ਇਹ ਸਿਰਫ਼ ਦੋਸ਼ ਹੀ ਹਨ।
ਸਿੱਖਾਂ ਉੱਤੇ ਹਮਲੇ ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ; ਜਿਸ ਦੀ ਫ਼ੁਟੇਜ ਵਿਚ ਕੁਝ ਵਿਅਕਤੀ ਇਕ ਕਾਰ ਉੱਤੇ ਹਮਲਾ ਕਰਦੇ ਵਿਖਾਈ ਦਿੰਦੇ ਹਨ। ਆਸਟ੍ਰੇਲੀਆ ਦੇ ‘7 ਨਿਊਜ਼’ ਦੀ ਰਿਪੋਰਟ ਅਨੁਸਾਰ ਹਮਲਾਵਰਾਂ ਨੇ ਸਿੱਖ ਯਾਤਰੀਆਂ ਦੀ ਕਾਰ ਉੱਤੇ ਬੇਸਬਾਲ ਦੇ ਬੈਟਾਂ ਤੇ ਹਥੌੜਿਆਂ ਨਾਲ ਹਮਲਾ ਬੋਲ ਦਿੱਤਾ; ਜਿਸ ਨਾਲ ਕਾਰ ਦੇ ਸ਼ੀਸ਼ੇ ਟੁੱਟ ਗਏ ਪਰ ਅੰਦਰ ਬੈਠੇ ਵਿਅਕਤੀਆਂ ਨੂੰ ਕੋਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਹ ਘਟਨਾ ਪਿਛਲੇ ਹਫ਼ਤੇ ਸਿਡਨੀ ਦੇ ਪੱਛਮੀ ਇਲਾਕੇ ਦੇ ਹੈਰਿਸ ਪਾਰਕ ’ਚ ਵਾਪਰੀ ਸੀ। ਇਕ ਪੀੜਤ ਸਿੱਖ ਨੇ ਦੱਸਿਆ ਕਿ ਹਮਲਾਵਰਾਂ ਨੇ ਕਾਰ ਦੇ ਚਾਰੇ ਪਾਸਿਓਂ ਵਾਰ ਕੀਤੇ ਤੇ ਉੱਥੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਕਾਰਣ ਕਾਰ ਦਾ 10,000 ਡਾਲਰ ਦਾ ਨੁਕਸਾਨ ਹੋ ਗਿਆ ਹੈ।
ਦੱਸ ਦੇਈਏ ਕਿ ਸਿਡਨੀ ’ਚ ਹੀ ਪੰਜਾਬੀਆਂ ਉੱਤੇ ਹਮਲੇ ਦੀ ਇਕ ਵਾਰਦਾਤ ਕੁਝ ਹਫ਼ਤੇ ਪਹਿਲਾਂ ਵੀ ਵਾਪਰੀ ਸੀ। ਉਸ ਨੂੰ ਵੀ ਭਾਰਤ ਦੇ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖਿਆ ਗਿਆ ਸੀ। ‘ਲਿਟਲ ਇੰਡੀਆ’ ਦੇ ਨਿਵਾਸੀ ਕਮਾਲ ਸਿੰਘ ਨੇ ਕਿਹਾ ਕਿ ਇਹ ਮਸਲਾ ਸ਼ਾਂਤੀਪੂਰਨ ਤਰੀਕੇ ਨਾਲ ਹੀ ਹੱਲ ਹੋਣਾ ਚਾਹੀਦਾ ਹੈ। ਇੱਕ-ਦੂਜੇ ਨਾਲ ਲੜ ਕੇ ਗੱਲ ਨਹੀਂ ਬਣਨੀ।

Share