ਸਿਆਟਲ ‘ਚ ਸਾਨ ਫਰਾਂਸਿਸਕੋ ਦੇ ਕੌਂਸਲੇਟ ਜਨਰਲ ਨਗਿੰਦਰਾ ਪ੍ਰਸ਼ਾਦ ਦਾ ਸਨਮਾਨ

348
ਡਾ. ਜੇ.ਵੀ. ਨਗਿੰਦਰਾ ਪ੍ਰਸ਼ਾਦ ਕੌਂਸਲੇਟ ਜਨਰਲ ਸਾਨ ਫਰਾਂਸਿਸਕੋ ਦਾ ਸਨਮਾਨ ਕਰਦੇ ਹੋਏ ਵੈਕੰਟ ਰਾਜੂ, ਵਿਜੈ ਬੈਨੀਵਾਲ, ਮਨਮੋਹਣ ਸਿੰਘ ਢਿੱਲੋਂ, ਹਰਦੇਵ ਸਿੰਘ ਜੱਜ, ਹਰਸ਼ਿੰਦਰ ਸਿੰਘ ਸੰਧੂ, ਕੁਲਵਿੰਦਰ ਸੰਧੂ, ਓਪਿੰਦਰ ਢੀਂਡਸਾ, ਉਂਕਾਰ ਭੰਡਾਲ ਅਤੇ ਮਨਪ੍ਰੀਤ ਸਿੰਘ ਜੇ.ਡੀ.।
Share

ਸਿਆਟਲ, 4 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਸਿਆਟਲ ਦੇ ਪੰਜਾਬੀ ਭਾਈਚਾਰੇ ਨੇ ਸਾਨ ਫਰਾਂਸਿਸਕੋ ਅੰਬੈਸੀ ਦੇ ਕੌਂਸਲੇਟ ਜਨਰਲ ਡਾ. ਜੇ.ਵੀ. ਨਗਿੰਦਰਾ ਪ੍ਰਸਾਦ ਨਾਲ ਸਿਆਟਲ ‘ਚ ਭਾਰਤੀ ਕੌਂਸਲੇਟ ਦਾ ਦਫ਼ਤਰ ਖੋਲ੍ਹਣ, ਵੀਜ਼ਾ-ਪਾਸਪੋਰਟ ਅਤੇ ਕਿਸਾਨਾਂ ਦੇ ਮੁੱਦੇ ਸਬੰਧੀ ਤੋਂ ਇਲਾਵਾ ਧਾਰਮਿਕ ਤੇ ਸਮਾਜਿਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਸਬੰਧੀ ਭਾਰਤੀ ਕੌਂਸਲੇਟ ਜਨਰਲ ਨੇ ਸਾਰਥਕ ਹੱਲ ਕੱਢਣ ਲਈ ਵਿਸ਼ਵਾਸ ਦਿਵਾਇਆ। ਉਨ੍ਹਾਂ ਦੱਸਿਆ ਕਿ ਭਾਰਤ ਜਾਣ ਲਈ ਵੀਜ਼ੇ ਅਤੇ ਓ.ਸੀ.ਆਈ. ਪਾਸਪੋਰਟ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਨਾਲ ਤਾਲਮੇਲ ਕਰਕੇ ਅਧਿਆਪਕਾਂ, ਪ੍ਰੋਫੈਸਰਾਂ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਰੀਫ੍ਰੈਸ਼ ਕੋਰਸਾਂ ਰਾਹੀਂ ਅਮਰੀਕਾ ਦੇ ਵਿੱਦਿਆ ਖੇਤਰ ਦੀ ਜਾਣਕਾਰੀ ਤੇ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਭਾਰਤੀ ਵਿਦਿਆਰਥੀ ਲਾਭ ਉਠਾ ਸਕਣਗੇ। ਇਸ ਮੌਕੇ ਹਰਸ਼ਿੰਦਰ ਸਿੰਘ ਸੰਧੂ, ਹਰਦੇਵ ਸਿੰਘ, ਉਪਿੰਦਰ ਢੀਂਡਸਾ, ਸੈਮ ਵਿਰਕ, ਬੌਥਲ ਤੋਂ ਮਨਮੋਹਣ ਸਿੰਘ ਢਿੱਲੋਂ, ਵਿਜੈ ਬੈਨੀਵਾਲ, ਉਂਕਾਰ ਭੰਡਾਲ, ਹਰਪ੍ਰੀਤ ਸਿੰਘ, ਗੁਰਪ੍ਰੀਤ ਗੋਗਾ ਵਿਰਕ ਤੇ ਕੁਲਵਿੰਦਰ ਸੰਧੂ ਨੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ, ਜਿਨ੍ਹਾਂ ਦੇ ਨਗਿੰਦਰਾ ਪ੍ਰਸਾਦ ਨੇ ਤਸੱਲੀਬਖ਼ਸ਼ ਜਵਾਬ ਦਿੱਤੇ। ਅਖੀਰ ਵਿਚ ਸ਼ੈਮ ਵਿਰਕ ਨੇ ਧੰਨਵਾਦ ਕਰਦਿਆਂ ਸਿਆਟਲ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ‘ਤੇ ਜ਼ੋਰ ਦਿੱਤਾ। ਗੁਰਦੁਆਰਾ ਸੱਚਾ ਮਾਰਗ ਦੇ ਸੰਚਾਲਕ ਹਰਸ਼ਿੰਦਰ ਸਿੰਘ ਸੰਧੂ ਤੇ ਸੈਮ ਵਿਰਕ ਨੇ ਕੌਂਸਲੇਟ ਜਨਰਲ ਨੂੰ ਸਨਮਾਨਿਤ ਕੀਤਾ।


Share