ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਵਾਸ਼ਿੰਗਟਨ, 18 ਮਈ (ਪੰਜਾਬ ਮੇਲ)- ਅਮਰੀਕੀ ਸੈਂਟਰਲ ਇੰਟੈਲੀਜੈਂਸ ਨੇ ਚੀਨ ਲਈ ਜਾਸੂਸੀ ਕਰਨ ਦੇ ਮਾਮਲੇ ‘ਚ ਦੋਸ਼ੀ ਪਾਏ ਗਏ ਇਕ ਸਾਬਕਾ ਅਧਿਕਾਰੀ ਨੂੰ 20 ਸਾਲਾ ਕੈਦ ਦੀ ਸਜ਼ਾ ਸੁਣਾਈ ਹੈ। ਸਾਬਕਾ ਅਧਿਕਾਰੀ ਕੇਵਿਨ ਮੈਲੋਰੀ ਨੂੰ 25,000 ਅਮਰੀਕੀ ਡਾਲਰ ‘ਚ ਚੀਨੀ ਖੁਫੀਆ ਏਜੰਟ ਨੂੰ ਬੇਹੱਦ ਗੁਪਤ ਜਾਣਕਾਰੀ ਦੇਣ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਸਹਾਇਕ ਅਟਾਰਨੀ ਜਨਰਲ ਜਾਨ ਡੇਮਰਜ਼ ਨੇ ਦੱਸਿਆ ਕਿ ਸੀ.ਆਈ.ਏ. ਦੇ ਸਾਬਕਾ ਅਧਿਕਾਰੀ ਮੈਲੋਰੀ ਨੂੰ ਚੀਨੀ ਖੁਫੀਆ ਅਧਿਕਾਰੀ ਨੂੰ ਰਾਸ਼ਟਰੀ ਰੱਖਿਆ ਸੂਚਨਾ ਦੇਣ ਦੀ ਸਾਜ਼ਿਸ਼ ਦੇ ਜੁਰਮ ‘ਚ 20 ਸਾਲ ਦੀ ਸਜ਼ਾ ਕੱਟਣੀ ਪਵੇਗੀ। ਡੇਮਰਜ਼ ਨੇ ਦੱਸਿਆ ਕਿ ਮਾਮਲਾ ਸਾਬਕਾ ਅਮਰੀਕੀ ਖੁਫੀਆ ਅਧਿਕਾਰੀ ਦੇ ਚੀਨ ਦੇ ਲਾਲਚ ‘ਚ ਆਉਣ ਤੇ ਅਮਰੀਕਾ ਨਾਲ ਵਿਸ਼ਵਾਸਘਾਤ ਕਰਨ ਲਈ ਖਤਰਨਾਕ ਮਾਮਲਿਆਂ ‘ਚੋਂ ਇਕ ਹੈ। ਉਟਾਹ ‘ਚ ਰਾਨ ਹੇਨਸਨ ਤੇ ਵਰਜੀਨੀਆ ਦੇ ਦੇਰੀ ਲੀ ਜਿਹੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾਣਾ ਇਹ ਸੰਦੇਸ਼ ਦਿੰਦਾ ਹੈ ਕਿ ਸਾਡੇ ਅਧਿਕਾਰੀ ਚੀਨ ਦੇ ਲਾਲਚ ‘ਚ ਆ ਕੇ ਉਸਦੇ ਜਾਲ ‘ਚ ਨਹੀਂ ਫਸੇ।
ਸਾਬਕਾ ਸੀ.ਆਈ.ਏ. ਅਧਿਕਾਰੀ 62 ਸਾਲਾ ਕੇਵਿਨ ਮੈਲੋਰੀ ਨੂੰ ਜੂਨ 2018 ‘ਚ ਸੰਘ ਜੂਰੀ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਇਸ ਕੇਸ ‘ਚ ਮਾਰਚ ਤੇ ਅਪ੍ਰੈਲ ‘ਚ ਸਬੂਤਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਸਬੂਕਾਂ ਅਨੁਸਾਰ ਕੇਵਿਨ ਨੇ ਮਾਈਕਲ ਯਾਂਗ ਨਾਮ ਦੇ ਸ਼ਖਸ ਨੂੰ ਮਿਲਣ ਲਈ ਸ਼ਿੰਘਾਈ ਦੀ ਯਾਤਰਾ ਕੀਤੀ ਸੀ ਜੋ ਕਿ ਪੀਪੁਲਸ ਰਿਪਬਲਿਕ ਆਫ ਚਾਈਨਾ ਦੇ ਥਿੰਕ ਟੈਂਕ ਦਾ ਕਰਮਚਾਰੀ ਸੀ। ਐੱਫ.ਬੀ.ਆਈ. ਨੇ ਜਾਂਚ ਤੋਂ ਬਾਅਦ ਪਾਇਆ ਕਿ ਮੈਲੋਰੀ ਨੇ ਅਮਰੀਕਾ ਦੀ ਬੇਹੱਦ ਗੁਪਤ ਜਾਣਕਾਰੀਆਂ ਮਾਈਕਲ ਯਾਂਗ ਨੂੰ ਦਿੱਤੀਆਂ ਹਨ। ਜਾਂਚ ‘ਚ ਇਹ ਵੀ ਪਾਇਆ ਗਿਆ ਹੈ ਕਿ ਅਮਰੀਕਾ ਦੀ ਘੱਟ ਤੋਂ ਘੱਟ ਪੰਜ ਗੁਪਤ ਜਾਣਕਾਰੀਆਂ ਸ਼ੇਅਰ ਕੀਤੀਆਂ ਗਈਆਂ ਹਨ।