ਨਵੀਂ ਦਿੱਲੀ, 13 ਮਈ (ਪੰਜਾਬ ਮੇਲ)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਹਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ‘ਚੋਂ ਛੁੱਟੀ ਦੇ ਦਿੱਤੀ ਗਈ। ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਐਤਵਾਰ ਰਾਤ ਨੂੰ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਸੀ। ਮਨਮੋਹਨ ਸਿੰਘ ਨੂੰ ਏਮਜ਼ ਦੇ ਕਾਰਡੀਓਥੋਰੈਸਿਕ ਵਾਰਡ ‘ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਸਮੇਂ ਮਨਮੋਹਨ ਸਿੰਘ ਤੰਦਰੁਸਤ ਹਨ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਸੀ। ਮਨਮੋਹਨ ਸਿੰਘ ਦਾ ਇਲਾਜ ਡਾ. ਨਿਤੀਸ਼ ਨਾਇਕ ਦੀ ਟੀਮ ਨੇ ਕੀਤਾ। ਉਨ੍ਹਾਂ ਦੇ ਮਨਮੋਹਨ ਸਿੰਘ ਦੇ ਕੋਰੋਨਾ ਸਮੇਤ ਕਈ ਮਹੱਤਵਪੂਰਨ ਟੈਸਟ ਕੀਤੇ ਸਨ। ਸਾਬਕਾ ਪ੍ਰਧਾਨ ਮੰਤਰੀ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਸੀ।