ਸਾਨੂੰ ਅੱਤਵਾਦੀਆਂ ਨੂੰ ਸਰਹੱਦੋਂ ਪਾਰ ਜਾਣ ਦੇਣਾ ਚਾਹੀਦਾ : ਨਵਾਜ਼ ਸ਼ਰੀਫ਼

ਇਸਲਾਮਾਬਾਦ, 13 ਮਈ (ਪੰਜਾਬ ਮੇਲ)-ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਜ਼ ਸ਼ਰੀਫ ਨੇ ਅਹੁਦੇ ਤੋਂ ਹਟਣ ਦੇ ਕਰੀਬ 9 ਮਹੀਨੇ ਬਾਅਦ ਮੁੰਬਈ ਹਮਲੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਪਾਕਿਸਤਾਨੀ ਅਖ਼ਬਾਰ ‘ਦ ਡਾਅਨ’ ਨਾਲ ਇੰਟਰਵਿਊ ਵਿੱਚ ਕਿਹਾ ਕਿ ਕੀ ਸਾਨੂੰ ਅੱਤਵਾਦੀਆਂ ਨੂੰ ਸਰਹੱਦੋਂ ਪਾਰ ਜਾਣ ਦੇਣਾ ਚਾਹੀਦਾ ਹੈ ਤੇ ਮੁੰਬਈ ਵਿੱਚ 150 ਲੋਕਾਂ ਨੂੰ ਮਰਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਪਨਾਮਾ ਪੇਪਰ ਕੇਸ ਵਿੱਚ ਸੁਪਰੀਮ ਕੋਰਟ ਨੇ ਪਿਛਲੇ ਵਰ੍ਹੇ 28 ਜੁਲਾਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਪਿੱਛੋਂ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ। ਯਾਦ ਰਹੇ ਕਿ ਪਾਕਿਸਤਾਨ ਇਸ ਗੱਲ ਨੂੰ ਨਕਾਰਦਾ ਰਿਹਾ ਸੀ ਕਿ 2008 ਦੇ ਮੁੰਬਈ ਅਟੈਕ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਇੱਥੋਂ ਤਕ ਕਿ ਭਾਰਤ ਵੱਲੋਂ ਪੁਖ਼ਤਾ ਸਬੂਤ ਪੇਸ਼ ਕੀਤੇ ਜਾਣ ਦੇ ਬਾਵਜੂਦ ਵੀ ਉੱਥੋਂ ਦੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਪਾਕਿ ਵਿੱਚ ਅਜੇ ਵੀ ਅੱਤਵਾਦੀ ਸੰਗਠਨ ਸਰਗਰਮ
ਅਖ਼ਬਾਰ ਨੂੰ ਦਿੱਤੀ ਇੰਟਰਵਿਊ ’ਚ ਨਵਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਵਿੱਚ ਅਜੇ ਵੀ ਅੱਤਵਾਦੀ ਸੰਗਠਨ ਸਰਗਰਮ ਹਨ। ਕੀ ਅਸੀਂ ਉਨ੍ਹਾਂ ਨੂੰ ਸਰਹੱਦ ਪਾਰ ਕਰ ਕੇ ਮੁੰਬਈ ਵਿੱਚ 150 ਲੋਕਾਂ ਨੂੰ ਮਾਰਨ ਦਾ ਹੁਕਮ ਦੇ ਸਕਦੇ ਹਾਂ? ਉਨ੍ਹਾਂ ਕਿਹਾ ਕਿ ਅਸੀਂ ਤਾਂ ਕੇਸ ਵੀ ਪੂਰਾ ਨਹੀਂ ਚੱਲਣ ਦਿੰਦੇ। ਨਵਾਜ਼ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਕੋਈ ਦੇਸ਼ ਚਲਾ ਰਹੇ ਹੋ ਤਾਂ ਉਸੀ ਦੇ ਨਾਲ ਦੋ ਜਾਂ ਤਿੰਨ ਸਮਾਨਾਂਤਰ ਸਰਕਾਰਾਂ ਨਹੀਂ ਚਲਾ ਸਕਦੇ। ਇਸ ਨੂੰ ਬੰਦ ਕਰਨਾ ਹੋਏਗਾ। ਸੰਵਿਧਾਨਿਕ ਰੂਪ ’ਚ ਸਿਰਫ਼ ਇੱਕ ਹੀ ਸਰਕਾਰ ਚਲਾਈ ਜਾ ਸਕਦੀ ਹੈ।
ਕਦੋਂ ਹੋਇਆ ਸੀ ਮੁੰਬਈ ਹਮਲਾ
26 ਨਵੰਬਰ 2008 ਨੂੰ ਲਸ਼ਕਰ-ਏ-ਤਾਇਬਾ ਦੇ 10 ਅੱਤਵਾਦੀ ਮੁੰਬਈ ਦੇ ਤਾਜ ਹੋਟਲ ਅੰਦਰ ਦਾਖ਼ਲ ਹੋ ਗਏ ਤੇ ਚਾਰ ਦਿਨਾਂ ਤਕ ਉੱਥੇ ਕਬਜ਼ਾ ਕਰ ਕੇ ਰੱਖਿਆ। ਉਨ੍ਹਾਂ ਨੇ ਸ਼ਹਿਰ ਦੀਆਂ 7 ਥਾਵਾਂ ’ਤੇ ਫਾਇਰਿੰਗ ਕੀਤੀ ਸੀ। ਇਸ ਹਮਲੇ ਵਿੱਚ ਕਰੀਬ 166 ਜਣਿਆਂ ਦੀ ਮੌਤ ਹੋਈ ਤੇ 300 ਜਣੇ ਫੱਟੜ ਹੋਏ ਸਨ। ਹਾਲ ਹੀ ਵਿੱਚ ਪਾਕਿ ਨੇ 26/11 ਦੇ ਮੁੰਬਈ ਹਮਲੇ ਦੀ ਪੈਰਵੀ ਕਰ ਰਹੇ ਮੁੱਖ ਵਕੀਲ ਚੌਧਰੀ ਅਜਹਰ ਨੂੰ ਹਟਾ ਦਿੱਤਾ ਹੈ।