ਸਾਊਦੀ ਅਰਬ ਤੋਂ ਪਾਕਿਸਤਾਨ ਨੂੰ ਆਰਥਿਕ ਮਦਦ ਮਿਲਣੀ ਹੋਵੇਗੀ ਬੰਦ

134
Share

ਇਸਲਾਮਾਬਾਦ, 10 ਸਤੰਬਰ (ਪੰਜਾਬ ਮੇਲ)-ਪਾਕਿਸਤਾਨ ਭਾਵੇਂ ਕੁਝ ਵੀ ਦਾਅਵੇ ਕਰੇ ਪਰ ਸਾਊਦੀ ਅਰਬ ਨਾਲ ਉਸ ਦੇ ਰਿਸ਼ਤੇ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਸਾਊਦੀ ਅਰਬ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਹੁਣ ਆਪਣੀ ਦਹਾਕਿਆਂ ਪੁਰਾਣੀ ਕੂਟਨੀਤੀ ਵਿਚ ਵੀ ਤਬਦੀਲੀ ਕਰਨ ਦੀ ਤਿਆਰੀ ਵਿਚ ਹੈ। ਪ੍ਰਿੰਸ ਸਲਮਾਨ ਦੀ ਅਗਵਾਈ ਵਾਲੇ ਸਾਊਦੀ ਸਰਕਾਰ ਹੁਣ ਚੈੱਕਬੁਕ ਡਿਪਲੋਮੈਸੀ ਖਤਮ ਕਰਨ ਜਾ ਰਹੀ ਹੈ। ਇਸਦਾ ਮਤਲਬ ਹੈ ਕਿ ਹੁਣ ਸਾਊਦੀ ਤੋਂ ਪਾਕਿਸਤਾਨ ਨੂੰ ਆਰਥਿਕ ਮਦਦ ਮਿਲਣੀ ਬੰਦ ਹੋ ਜਾਵੇਗੀ।
ਪਾਕਿਸਤਾਨ ਦੇ ਮੰਤਰੀਆਂ ਦੀ ਬਿਆਨਬਾਜ਼ੀ ਦਾ ਖਮਿਆਜ਼ਾ ਹੁਣ ਪਾਕਿਸਤਾਨ ਸਮੇਤ ਕਈ ਦੇਸ਼ਾਂ ਨੂੰ ਭੁਗਤਣਾ ਪਵੇਗਾ। ਸਾਊਦੀ ਅਰਬ ਹੁਣ ਤੱਕ ਦੁਸ਼ਮਣ ਦਾ ਦੁਸ਼ਮਣ ਦੋਸਤ ਅਤੇ ਉਸ ਨੂੰ ਆਰਥਿਕ ਮਦਦ ਦੇਣ ਦੀ ਨੀਤੀ ‘ਤੇ ਚੱਲਦਾ ਆਇਆ ਹੈ। ਮਹਾਮਾਰੀ ਨਾਲ ਆਈ ਮੰਦੀ ਨੇ ਉਸ ਨੂੰ ਇਸ ਵਿਚ ਤਬਦੀਲੀ ਲਿਆਉਣ ‘ਤੇ ਮਜਬੂਰ ਕਰ ਦਿੱਤਾ ਹੈ। ਖਲੀਜ਼ ਟਾਈਮਜ਼ ਮੁਤਾਬਕ ਸਾਊਦੀ ਅਰਬ ਦੀ ਡਿਪਲੋਮੈਸੀ ਜਾਂ ਕਹੀਏ ਵਿਦੇਸ਼ ਨੀਤੀ ਤੇਜ਼ੀ ਨਾਲ ਬਦਲ ਰਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਊਦੀ ਸਰਕਾਰ ਅਤੇ ਪ੍ਰਿੰਸ ਸਲਮਾਨ ਹੁਣ ਮੁਸਲਿਮ ਵਰਲਡ ਵਿਚ ਪਾਵਰ ਹਾਊਸ ਬਣੇ ਰਹਿਣ ਲਈ ਖਜ਼ਾਨਾ ਖਾਲੀ ਨਹੀਂ ਕਰਨਗੇ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੀ ਤੇਲ ਆਧਾਰਿਤ ਅਰਥਵਿਵਸਥਾ ਸੰਕਟ ਵਿਚ ਹੈ ਅਤੇ ਇਸ ਦਾ ਅਸਰ ਹੁਣ ਉਸ ਦੀ ਵਿਦੇਸ਼ ਨੀਤੀ ‘ਤੇ ਵੀ ਨਜ਼ਰ ਆਵੇਗਾ। ਸਾਊਦੀ ਲਗਾਤਾਰ ਭਾਰਤ ਨਾਲ ਨਜ਼ਦੀਕੀਆਂ ਵਧਾ ਰਿਹਾ ਹੈ ਅਤੇ ਤੇਲ ਦੇ ਇਲਾਵਾ ਹੋਰ ਕਾਰੋਬਾਰ ਦੇ ਮੌਕੇ ਲੱਭ ਰਿਹਾ ਹੈ। ਮਿਡਲ-ਈਸਟ ਮਾਮਲਿਆਂ ਦੀ ਮਾਹਿਰ ਯਾਸਮੀਨ ਫਾਰੂਖ ਮੁਤਾਬਕ ਮਹਾਮਾਰੀ ਦੇ ਦੌਰਾਨ ਤੇਲ ਮੰਗ ਵਿਚ ਕਮੀ ਹੋਈ। ਇੰਨਾ ਹੀ ਨਹੀਂ ਈਰਾਨ, ਤੁਰਕੀ ਅਤੇ ਕਤਰ ਜਿਹੇ ਦੇਸ਼ ਉਸ ਨੂੰ ਅੱਖਾਂ ਦਿਖਾਉਣ ਲੱਗੇ।
ਸਾਊਦੀ ਨੇ ਬੀਤੇ ਦਹਾਕਿਆਂ ਵਿਚ ਲਗਾਤਾਰ ਜਾਰਡਨ, ਮਿਸਰ, ਫਲਸਤੀਨ ਅਤੇ ਪਾਕਿਸਤਾਨ ਜਿਹੇ ਦੇਸ਼ਾਂ ਨੂੰ ਲੱਖਾਂ ਪੈਟਰੋ ਡਾਲਰ ਦਿੱਤੇ ਪਰ ਇਸ ਦੇ ਬਾਵਜੂਦ ਵੀ ਇਹ ਦੇਸ਼ ਖਸਤਾ ਹਾਲਤ ਵਿਚ ਹਨ ਅਤੇ ਸਾਊਦੀ ਦੇ ਕਿਸੇ ਕੰਮ ਦੇ ਨਹੀਂ ਹਨ। ਮਾਹਿਰ ਯਾਸਮੀਨ ਨੇ ਅੱਗੇ ਕਿਹਾ ਕਿ ਮਹਾਮਾਰੀ ਅਤੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਨੇ ਸਾਊਦੀ ਅਰਬ ਨੂੰ ਡਿਪਲੋਮੈਸੀ ਵਿਚ ਤਬਦੀਲੀ ਲਈ ਮਜਬੂਰ ਕਰ ਦਿੱਤਾ। ਪ੍ਰਿੰਸ ਸਲਮਾਨ ਵੱਡੀਆਂ ਤਬਦੀਲੀਆਂ ਕਰ ਰਹੇ ਹਨ। ਹੁਣ ਇਹ ਦੇਸ਼ ਏ.ਟੀ.ਐੱਮ. ਨਹੀਂ ਰਹੇਗਾ। ਸਾਊਦੀ ਲੇਖਕ ਖਾਲਿਦ ਅਲ ਸੁਲੇਮਾਨ ਨੇ ਕਿਹਾ, ”ਲੈਬਨਾਨ ਨੂੰ ਫਿਰ ਖੜ੍ਹਾ ਕਰਨ ਲਈ ਸਾਊਦੀ ਅਰਬ ਨੇ ਲੱਖਾਂ ਡਾਲਰ ਦਿੱਤੇ ਪਰ ਉਸ ਨੂੰ ਹਿਜਬੁੱਲਾ ਦਾ ਸਾਥ ਨਹੀਂ ਮਿਲਿਆ। ਇਹ ਸੰਗਠਨ ਸਾਊਦੀ ਦੇ ਦੁਸ਼ਮਣ ਈਰਾਨ ਨਾਲ ਮਿਲ ਗਿਆ ਹੈ।”
ਸਾਊਦੀ ਅਰਬ ਦੀ ਪੱਤਰਕਾਰ ਅਲ ਸ਼ਿਹਾਬੀ ਦੇ ਮੁਤਾਬਕ, ਪਾਕਿਸਤਾਨ ਨੇ ਸਾਊਦੀ ਅਰਬ ਵਿਚ ਵੱਖ-ਵੱਖ ਸਮੇਂ ‘ਤੇ ਲੱਖਾਂ ਡਾਲਰ ਲਏ। ਬਹੁਤ ਨਰਮ ਸ਼ਰਤਾਂ ‘ਤੇ ਤੇਲ ਦਾ ਆਯਾਤ ਜਾਰੀ ਰਹਿਣ ਦਿੱਤਾ। ਜਦੋਂ ਕਸ਼ਮੀਰ ‘ਤੇ ਸਾਊਦੀ ਨੇ ਉਸ ਦਾ ਸਾਥ ਨਹੀਂ ਦਿੱਤਾ ਤਾਂ ਪਾਕਿਸਤਾਨ ਨੇ ਦੂਜਾ ਮੁਸਲਿਮ ਸੰਗਠਨ ਬਣਾਉਣ ਦੀ ਗੱਲ ਕੀਤੀ। ਇਸ ਦੇ ਬਾਅਦ ਹੀ ਸਾਊਦੀ ਨੇ ਪਾਕਿਸਤਾਨ ਤੋਂ 3 ਅਰਬ ਡਾਲਰ ਦਾ ਕਰਜ਼ ਚੁਕਾਉਣ ਲਈ ਕਹਿ ਦਿੱਤਾ। ਇਸ ਦੇ ਇਲਾਵਾ ਆਇਲ ਕ੍ਰੈਡਿਟ ਸਹੂਲਤ ਵੀ ਖਤਮ ਕਰ ਦਿੱਤੀ।
ਸ਼ਿਹਾਬੀ ਨੇ ਦੱਸਿਆ ਕਿ ਹੁਣ ਯਮਨ ਦੇ ਹੂਤੀ ਬਾਗੀ ਸਾਊਦੀ ਲਈ ਵੱਡਾ ਖਤਰਾ ਬਣ ਗਏ ਹਨ। ਪਾਕਿਸਤਾਨ, ਮਿਸਰ ਅਤੇ ਈਰਾਨ ਇਨ੍ਹਾਂ ਨੂੰ ਸਮਰਥਨ ਦੇ ਰਹੇ ਹਨ। ਸਾਊਦੀ ਇਹ ਸਹਿਣ ਨਹੀਂ ਕਰ ਸਕਦਾ। 2015 ਵਿਚ ਮਿਸਰ ਦੇ ਰਾਸ਼ਟਰਪਤੀ ਨੇ ਸਾਊਦੀ ਦਾ ਮਜ਼ਾਕ ਉਡਾਇਆ ਸੀ। ਸਾਊਦੀ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਮੁਸਲਿਮ ਜਗਤ ਹੁਣ ਬਦਲ ਚੁੱਕਾ ਹੈ ਅਤੇ ਉਸ ਦੇ ਦਬਦਬੇ ਨੂੰ ਚੁਣੌਤੀ ਮਿਲ ਰਹੀ ਹੈ।


Share