ਸਹਿਕਾਰਤਾ ਮੰਤਰੀ ਨੇ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ 110 ਫੀਲਡ ਐਗਜ਼ੀਕਿਊਟਿਵ ਨੂੰ ਨਿਯੁਕਤੀ ਪੱਤਰ ਸੌਂਪੇ

69
Share

ਚੰਡੀਗੜ, 27 ਅਕਤੂਬਰ (ਪੰਜਾਬ ਮੇਲ)- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਸੂਬੇ ਦੀਆਂ 12 ਕੇਂਦਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਟਾਫ ਦੀ ਸਮਰੱਥਾ ਵਿੱਚ ਵਾਧੇ ਲਈ 110 ਫੀਲਡ ਐਗਜ਼ੀਕਿਊਟਵਜ਼ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਵੰਡਣ ਦੀ ਰਸਮ ਇਥੇ ਸਥਿਤ ਮਾਰਕਫੈਡ ਦੇ ਮੁੱਖ ਦਫਤਰ ਵਿਖੇ ਹੋਈ। ਇਹ ਫੀਲਡ ਐਗਜ਼ੀਕਿਊਟਿਵ ਪੈਸਕੋ ਵੱਲੋਂ ਆਊਟਸੋਰਿਸ ’ਤੇ ਸਹਿਕਾਰੀ ਬੈਂਕਾਂ ਵਿੱਚ ਲਗਾਏ ਗਏ ਹਨ।
ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਮੌਜੂਦਾ ਸਮੇਂ ਸਟਾਫ ਦੀ ਬਹੁਤ ਘਾਟ ਹੈ ਜਿਸ ਕਾਰਨ ਰੋਜ਼ਮਰਾ ਦੇ ਕੰਮਕਾਜ ਵਿੱਚ ਬੈਂਕ ਸਟਾਫ ਨੂੰ ਦਿੱਕਤ ਆ ਰਹੀ ਹੈ ਅਤੇ ਕਈ ਵਾਰ ਗ੍ਰਾਹਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨਾਂ ਫੀਲਡ ਐਗਜ਼ੀਕਿਊਟਵਾਂ ਵੱਲੋਂ ਬੈਂਕ ਲਈ ਨਵੇਂ ਵਿਅਕਤੀਆਂ ਨੂੰ ਖਾਤਾ ਧਾਰਕ ਬਣਾਉਣਾ, ਬੈਂਕਾਂ ਵਿੱਚ ਨਵੇਂ ਬੱਚਤ ਬੈਂਕ ਖਾਤਿਆਂ ਅਤੇ ਕਰੰਟ ਅਕਾਊਂਟ ਖੋਲਣੇ, ਅਮਾਨਤਾਂ ਸਬੰਧੀ ਜਾਣਕਾਰੀ ਦੇਣ ਅਤੇ ਅਮਾਨਤਾਂ ਨੂੰ ਇਕੱਤਰ ਕਰਨਾ ਸ਼ਾਮਲ ਹੈ। ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਨਵੀਆਂ ਕਰਜ਼ਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਅਤੇ ਕਰਜ਼ੇ (ਐਨ.ਪੀ.ਏ.) ਦੀ ਰਿਕਵਰੀ ਕਰਨਾ, ਡਿਫਾਲਟਰਾਂ ਤੋਂ ਕਰਜ਼ਿਆਂ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਨੂੰ ਮੁਕੰਮਲ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬੈਂਕਾਂ ਵਿੱਚ ਆਉਣ ਵਾਲੇ ਗ੍ਰਾਹਕਾਂ ਨੂੰ ਦਰਪੇਸ਼ ਦਿੱਕਤਾਂ ਜਿਵੇਂ ਕਿ ਫਾਰਮ ਭਰਨ ਵਿੱਚ ਮੱਦਦ ਕਰਨਾ ਅਤੇ ਉਨਾਂ ਨੂੰ ਬੈਂਕ ਦੇ ਕਾਰੋਬਾਰ ਪ੍ਰਤੀ ਸੇਧ ਦੇਣ ਦਾ ਕੰਮ ਸੌਂਪਿਆ ਜਾਵੇਗਾ।
ਇਸ ਮੌਕੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਸ੍ਰੀਮਤੀ ਹਰਗੁਣਜੀਤ ਕੌਰ, ਮਾਰਕਫੈਡ ਦੇ ਐਮ.ਡੀ. ਸ੍ਰੀ ਵਰੂਣ ਰੂਜ਼ਮ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਏ.ਐਮ.ਡੀ. (ਪ੍ਰਬੰਧ) ਸ੍ਰੀ ਅਮਰਜੀਤ ਸਿੰਘ ਵੀ ਹਾਜ਼ਰ ਸਨ।


Share