ਸਰੀ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੀ ਨਕਲ ਕਰ ਰਹੇ 12 ਪੰਜਾਬੀ ਨੌਜਵਾਨ ਕਾਬੂ

354
Share

ਸਪੋਰਟਸ ਕਾਰਾਂ ‘ਚ ਰੇਸ ਦੇ ਨਾਲ-ਨਾਲ ਨਕਲੀ ਬੰਦੂਕਾਂ ਨਾਲ ਫਾਇਰ ਕਰਕੇ ਬਣਾ ਰਹੇ ਸੀ ਵੀਡੀਓ
ਵੈਨਕੂਵਰ, 23 ਜੁਲਾਈ (ਪੰਜਾਬ ਮੇਲ)- ਸਰੀ ਪੁਲਿਸ ਨੇ ਕੋਲ ਬਰੁੱਕ ਰੋਡ ਲਾਗੇ ਬਣੇ ਪਾਰਕ ਵਿਚ ਸਪੋਰਟਸ ਕਾਰਾਂ ਦੀਆਂ ਰੇਸਾਂ ਅਤੇ ਨਕਲੀ ਬੰਦੂਕਾਂ ਨਾਲ ਫਾਇਰ ਕਰ ਕੇ ਵੀਡੀਓ ਬਣਵਾ ਰਹੇ 12 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਗਾਇਕ ਸਿੱਧੂ ਮੂਸੇਵਾਲਾ ਦੀ ਰੀਸ ਕਰ ਰਹੇ ਨੌਜਵਾਨਾਂ ਨੇ ਭੱਜਣ ਦੇ ਯਤਨ ਕੀਤੇ ਪਰ ਪੁਲਿਸ ਦੀ ਵੱਡੀ ਤਦਾਦ ਨੇ ਸਾਰਿਆਂ ਨੂੰ ਕਾਬੂ ਕਰ ਲਿਆ। ਵਧੀਆ ਗੱਲ ਇਹ ਰਹੀ ਕਿ ਪੁਲਿਸ ਨੇ ਅਸਲੀ ਬੰਦੂਕਾਂ ਦੇ ਭੁਲੇਖੇ ਨੌਜਵਾਨਾਂ ਉੱਤੇ ਗੋਲੀਆਂ ਨਹੀਂ ਚਲਾਈਆਂ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਨਗਰ ਕੌਂਸਲ ਨਿਯਮਾਂ ਮੁਤਾਬਕ ਪਾਰਕ ਦੀ ਦੁਰਵਰਤੋਂ ਬਦਲੇ ਫੜੇ ਗਏ ਹਰੇਕ ਨੌਜਵਾਨ ਨੂੰ 200 ਡਾਲਰ ਜੁਰਮਾਨਾ ਦੇਣਾ ਪਵੇਗਾ। ਪੁੱਛ-ਗਿੱਛ ‘ਚ ਪਤਾ ਲੱਗਾ ਕਿ ਨੌਜਵਾਨਾਂ ਨੇ ਚੱਲਦੀਆਂ ਗੋਲੀਆਂ ਤੇ ਭੱਜਦੀਆਂ ਕਾਰਾਂ ਵਾਲੀ ਵੀਡੀਓ ਬਣਾ ਕੇ ਟਿਕਟੌਕ ਉੱਤੇ ਅਪਲੋਡ ਕਰਨੀ ਸੀ। ਬੇਸ਼ੱਕ ਪੁਲਿਸ ਨੇ ਉਨ੍ਹਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ ਪਰ ਵਾਇਰਲ ਹੋਈ ਵੀਡੀਓ ‘ਚ ਉਹ ਪੰਜਾਬੀ ਬੋਲਦੇ ਦਿਖਾਈ ਦਿੰਦੇ ਹਨ। ਅਪੁਸ਼ਟ ਜਾਣਕਾਰੀ ਅਨੁਸਾਰ ਫੜੇ ਗਏ 12 ‘ਚੋਂ 10 ਵਿਦਿਆਰਥੀ ਵੀਜ਼ੇ ਵਾਲੇ ਹਨ। ਸੂਤਰਾਂ ਨੇ ਕਿਹਾ ਕਿ ਨੌਜਵਾਨਾਂ ਦੇ ਨਾਂ ਪੁਲਿਸ ਰਿਕਾਰਡ ਵਿਚ ਆਉਣ ਕਾਰਨ ਉਨ੍ਹਾਂ ਦੇ ਪੱਕੇ ਹੋਣ ਦੇ ਰਾਹ ਬੰਦ ਹੋ ਸਕਦੇ ਹਨ।


Share