ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ.ਪੀ. ਓਬਰਾਏ ਹੋਏ ਕਰੋਨਾ ਮੁਕਤ

69
Share

-ਪੀ.ਜੀ.ਆਈ. ਤੋਂ ਛੁੱਟੀ ਮਿਲਣ ਉਪਰੰਤ ਘਰ ਪਰਤੇ
ਡਾ. ਓਬਰਾਏ ਵੱਲੋਂ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਨ ਦੇਸ਼-ਵਿਦੇਸ਼ ‘ਚ ਵੱਸਦੇ ਸੁਨੇਹੀਆਂ ਦਾ ਧੰਨਵਾਦ
ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਮੇਲ)- ਬਿਨਾਂ ਕਿਸੇ ਸਵਾਰਥ ਆਪਣੇ ਕੋਲੋਂ ਪੈਸੇ ਖਰਚ ਕੇ ਵੱਡੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਜੋ ਕਿ ਪਿਛਲੇ ਦਿਨੀਂ ਕਰੋਨਾ ਦੀ ਲਪੇਟ ‘ਚ ਆਉਣ ਕਾਰਨ ਐੱਸ.ਪੀ. ਚੰਡੀਗੜ੍ਹ ਵਿਚ ਜੇਰੇ ਇਲਾਜ ਸਨ। ਅੱਜ ਉਹ ਕਰੋਨਾ ਰਿਪੋਰਟ ਨੈਗਟਿਵ ਆਉਣ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਪਰੰਤ ਆਪਣੇ ਘਰ ਪਰਤ ਆਏ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ‘ਚ ਕਰੋਨਾ ਸੰਕਟ ਦੇ ਸ਼ੁਰੂ ਹੁੰਦਿਆਂ ਹੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਆਪਣੇ ਦੁਬਈ ਵਿਚਲੇ ਸਾਰੇ ਕੰਮ ਕਾਰ ਛੱਡ ਅਤੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜੇਬ ‘ਚੋਂ ਕਰੀਬ 30 ਕਰੋੜ ਰੁਪਏ ਖ਼ਰਚ ਕੇ ਪੰਜਾਬ ਅੰਦਰ ਇਸ ਮਹਾਂਮਾਰੀ ਦੌਰਾਨ ਰੁਜ਼ਗਾਰਹੀਣ ਹੋਏ ਲੋਕਾਂ ਦੇ ਪਰਿਵਾਰਾਂ ਦੇ ਚੁੱਲੇ ਤੱਪਦੇ ਰੱਖਣ ਲਈ 2 ਲੱਖ ਤੋਂ ਵਧੇਰੇ ਲੋਕਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਣ, ਪੰਜਾਬ ਦੇ ਸਾਰੇ ਹੀ ਸਰਕਾਰੀ ਮੈਡੀਕਲ ਕਾਲਜਾਂ, ਹਸਪਤਾਲਾਂ, ਹਵਾਈ ਅੱਡਿਆਂ, ਬੀ.ਐੱਸ.ਐੱਫ. ਤੋਂ ਇਲਾਵਾ ਸਮੁੱਚੇ ਜ਼ਿਲ੍ਹਿਆਂ ਦੇ ਸਿਵਲ, ਸਿਹਤ ਤੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਮਾਤਰਾ ‘ਚ ਵੈਂਟੀਲੇਟਰ, ਐਂਬੂਲੈਂਸ ਗੱਡੀਆਂ, ਪੀ.ਪੀ.ਈ. ਕਿੱਟਾਂ, ਸਰਜੀਕਲ ਮਾਸਕ, ਸੈਨੇਟਾਈਜ਼ਰ, ਇਨਫਰਾਰੈੱਡ ਥਰਮਾਮੀਟਰ, ਅੰਤਿਮ ਯਾਤਰਾ ਗੱਡੀਆਂ ਵੰਡਣ ਦੀ ਵੱਡੀ ਸੇਵਾ ਨਿਭਾ ਕੇ ਪੂਰੀ ਦੁਨੀਆਂ ਅੰਦਰ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਦੱਸਿਆ ਇਨ੍ਹਾਂ ਸੇਵਾ ਕਾਰਜਾਂ ਦੌਰਾਨ ਹੀ ਪਿਛਲੇ ਦਿਨੀਂ ਡਾ. ਓਬਰਾਏ ਕਰੋਨਾ ਦੀ ਲਪੇਟ ‘ਚ ਆ ਗਏ ਸਨ ਅਤੇ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਭਰਤੀ ਕਰਾਉਣਾ ਪਿਆ ਸੀ। ਕਰੋਨਾ ਰਿਪੋਰਟ ਨੈਗੇਟਿਵ ਆਉਣ ਉਪਰੰਤ ਅੱਜ ਡਾ. ਓਬਰਾਏ ਹਸਪਤਾਲ ਤੋਂ ਆਪਣੇ ਘਰ ਪਰਤ ਆਏ ਹਨ। ਡਾ. ਓਬਰਾਏ ਵੱਲੋਂ ਉਨ੍ਹਾਂ ਦੀ ਤੰਦਰੁਸਤੀ ਲਈ ਦੇਸ਼-ਵਿਦੇਸ਼ ਤੋਂ ਅਰਦਾਸ ਬੇਨਤੀਆਂ ਕਰਨ ਵਾਲੇ ਸਾਰੇ ਹੀ ਸੁਨੇਹੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਅੰਦਰ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ. ਐੱਸ.ਪੀ. ਸਿੰਘ ਓਬਰਾਏ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਦੇਸ਼-ਵਿਦੇਸ਼ ‘ਚ ਬੈਠੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਲਗਾਤਾਰ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ।

 


Share