ਸਰਕਾਰੀ ਤੇ ਨਿੱਜੀ ਕੰਮਕਾਜੀ ਸਥਾਨਾਂ ’ਤੇ 11 ਤੋਂ ਸ਼ੁਰੂ ਹੋਵੇਗਾ ਟੀਕਾਕਰਨ

37
Share

ਨਵੀਂ ਦਿੱਲੀ, 8 ਅਪ੍ਰੈਲ (ਪੰਜਾਬ ਮੇਲ)-ਸਰਕਾਰ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ 100 ਯੋਗ ਲਾਭਪਾਤਰੀਆਂ ਵਾਲੇ ਸਰਕਾਰੀ ਜਾਂ ਨਿੱਜੀ ਕੰਮ ਵਾਲੇ ਸਥਾਨਾਂ ’ਤੇ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ 11 ਅਪ੍ਰੈਲ ਤੋਂ ਇਜਾਜ਼ਤ ਦੇਵੇਗੀ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ’ਚ ਕਿਹਾ ਕਿ 45 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਉਮਰ ਦੀ ਆਬਾਦੀ ਦਾ ਕਾਫ਼ੀ ਹਿੱਸਾ ਅਰਥ ਵਿਵਸਥਾ ਦੇ ਸੰਗਠਿਤ ਖੇਤਰ ’ਚ ਹੈ ਤੇ ਦਫ਼ਤਰਾਂ (ਸਰਕਾਰੀ ਅਤੇ ਨਿੱਜੀ) ’ਚ ਰਸਮੀ ਕਿੱਤੇ ਜਾਂ ਨਿਰਮਾਣ ਅਤੇ ਸੇਵਾਵਾਂ ’ਚ ਸ਼ਾਮਿਲ ਹੈ। ਉਨ੍ਹਾਂ ਲਿਖਿਆ ਕਿ ਇਸ ਆਬਾਦੀ ਤੱਕ ਟੀਕਾਕਰਨ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਕੰਮ ਵਾਲੀਆਂ ਥਾਵਾਂ (ਸਰਕਾਰੀ ਅਤੇ ਨਿੱਜੀ ਦੋਵੇਂ), ਜਿਥੇ 100 ਦੇ ਕਰੀਬ ਯੋਗ ਅਤੇ ਇੱਛੁਕ ਲਾਭਪਾਤਰੀ ਹਨ, ਨੂੰ ਮੌਜੂਦਾ ਕੋਵਿਡ ਟੀਕਾਕਰਨ ਸੈਂਟਰਾਂ ਨਾਲ ਜੋੜ ਕੇ ਇਨ੍ਹਾਂ ਸਥਾਨਾਂ ’ਤੇ ਕੋਵਿਡ-19 ਟੀਕਾਕਰਨ ਮੁਹਿੰਮ ਚਲਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਕੰਮ ਵਾਲੇ ਸਥਾਨ ’ਤੇ ਟੀਕਾਕਰਨ ਸ਼ੁਰੂ ਕਰਨ ਲਈ ਨਿੱਜੀ/ਸਰਕਾਰੀ ਸੈਕਟਰ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਵਿਚਾਰ-ਚਰਚਾ ਸ਼ੁਰੂ ਕਰ ਸਕਦੇ ਹਨ। ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ’ਚ ਅਜਿਹੇ ਕੰਮ ਵਾਲੇ ਸਥਾਨਾਂ ’ਤੇ ਟੀਕਾਕਰਨ ਕੇਂਦਰ 11 ਅਪ੍ਰੈਲ, 2021 ਤੋਂ ਸ਼ੁਰੂ ਕੀਤੇ ਜਾ ਸਕਦੇ ਹਨ।

Share