ਸਰਕਾਰੀ ਏਜੰਸੀਆਂ ਭਰਮ ਫੈਲਾਅ ਕੇ ਕਿਸਾਨ ਅੰਦੋਲਨ ਨੂੰ ਕਰ ਰਹੀਆਂ ਨੇ ਬਦਨਾਮ: ਰਾਜੇਵਾਲ

42
Share

ਕਿਹਾ: 26 ਜਨਵਰੀ ਨੂੰ ਦਿੱਲੀ ’ਚ ਸਿਰਫ਼ ਪਰੇਡ ਕਰਨਗੇ ਕਿਸਾਨ, ਰਣਨੀਤੀ ਬਾਰੇ 15 ਤੋਂ ਬਾਅਦ ਦੱਸਾਂਗੇ
ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕੀਤਾ ਹੈ ਕਿ 26 ਜਨਵਰੀ ਨੂੰ ਲੈ ਕੇ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ, ਸੰਸਦ ’ਤੇ ਕਬਜ਼ਾ ਕਰਨ ਦੀ ਗੱਲਾਂ ਸਿਰਫ਼ ਅਫਵਾਹ ਹੈ ਅਤੇ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹਨ। ਭਾਕਿਯੂ ਪ੍ਰਧਾਨ ਨੇ ਵੀਰਵਾਰ ਨੂੰ ਇਕ ਪੱਤਰ ਲਿਖ ਕੇ ਇਸ ਤਰ੍ਹਾਂ ਦੇ ਭੜਕਾਊ ਪ੍ਰਚਾਰ ਤੋਂ ਕਿਸਾਨਾਂ ਤੇ ਉਨ੍ਹਾਂ ਲੋਕਾਂ ਨੂੰ ਬਚਣ ਲਈ ਕਿਹਾ ਹੈ, ਜੋ ਅੰਦੋਲਨ ’ਚ ਕਿਸਾਨਾਂ ਦੇ ਨਾਲ ਖੜ੍ਹੇ ਹਨ।
ਰਾਜੇਵਾਲ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਨ ਰਿਹਾ ਹੈ ਤੇ ਪੜਾਅਬੱਧ ਤਰੀਕੇ ਨਾਲ ਅੱਗੇ ਵਧ ਰਿਹਾ ਹੈ, ਇਸ ਲਈ ਸਰਕਾਰੀ ਏਜੰਸੀਆਂ ਇਸ ਤਰ੍ਹਾਂ ਦੇ ਭਰਮ ਫੈਲਾਅ ਰਹੀਆਂ ਹਨ। ਸਾਨੂੰ ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦਾ 26 ਜਨਵਰੀ ਨੂੰ ਸਰਕਾਰ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਪਰੇਡ ਨੂੰ ਡਿਸਟਰਬ ਕਰਨ ਦਾ ਵੀ ਕੋਈ ਸਮਾਗਮ ਨਹੀਂ ਹੈ। ਸਾਡਾ ਸਮਾਗਮ ਕੀ ਹੋਵੇਗਾ, ਇਸ ਦਾ ਐਲਾਨ 15 ਜਨਵਰੀ ਤੋਂ ਬਾਅਦ ਕੀਤਾ ਜਾਵੇਗਾ।
ਉਨ੍ਹਾਂ ਹਰ ਘਰ ਵਿਚੋਂ ਇਕ ਵਿਅਕਤੀ ਨੂੰ ਟਰੈਕਟਰ-ਟਰਾਲੀ ਸਮੇਤ ਇਸ ਪਰੇਡ ’ਚ ਸ਼ਾਮਲ ਹੋਣ ਲਈ ਕਿਹਾ। ਰਾਜੇਵਾਲ ਨੇ ਆਪਣੇ ਪੱਤਰ ’ਚ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਅੰਦੋਲਨ ਕਰ ਰਹੇ ਹਨ ਤੇ ਜਿਸ ਅਨੁਸ਼ਾਸਨ ਨਾਲ ਕਿਸਾਨਾਂ ਨੇ ਹੁਣ ਤੱਕ ਇਹ ਅੰਦੋਲਨ ਚਲਾਇਆ, ਉਸ ਦੀ ਮਿਸਾਲ ਦੁਨੀਆਂ ਭਰ ’ਚ ਨਹੀਂ ਮਿਲਦੀ। ਇਹ ਇਤਿਹਾਸ ’ਚ ਦੁਨੀਆਂ ਦਾ ਸਭ ਤੋਂ ਲੰਬਾ ਚੱਲਣ ਵਾਲੇ ਅੰਦੋਲਨਾਂ ’ਚ ਸ਼ਾਮਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨ ਅੰਦੋਲਨ ’ਤੇ ਲੱਗੀਆਂ ਹੋਈਆਂ ਹਨ। ਹਰ ਕੋਈ ਆਪਣੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ। ਇਹ ਸਿਰਫ਼ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਹਰ ਵਰਗ ਇਸ ’ਚ ਸ਼ਾਮਲ ਹੈ। ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹਰਿਆਣਾ, ਯੂ.ਪੀ., ਉਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦੇਸ਼ ਦੇ ਬਾਕੀ ਸੂਬਿਆਂ ’ਚ ਵੀ ਫੈਲ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ 26 ਜਨਵਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਪਹੁੰਚਣ।

Share