ਸਪਾਟ ਫਿਕਸਿੰਗ – ਹਾਈਕੋਰਟ ਨੇ ਸ੍ਰੀਸੰਤ ‘ਤੇ ਖੇਡਣ ਦੀ ਪਾਬੰਦੀ ਹਟਾਈ

ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਸਪਾਟ ਫਿਕਸਿੰਗ ਮਾਮਲੇ ‘ਚ ਉਮਰ ਭਰ ਲਈ ਕੌਮੀ ਕ੍ਰਿਕਟ ਖੇਡਣ ‘ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਕ੍ਰਿਕਟ ਐਸ. ਸ੍ਰੀਸੰਤ ਨੂੰ ਵੱਡੀ ਰਾਹਤ ਮਿਲੀ ਹੈ। ਸੋਮਵਾਰ ਨੂੰ ਕੇਰਲ ਹਾਈਕੋਰਟ ਨੇ ਬੀਸੀਸੀਆਈ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਸ੍ਰੀਸੰਤ ‘ਤੇ ਇਹ ਪਾਬੰਦੀ 2013 ‘ਚ ਆਈਪੀਐਲ-6 ਸਪਾਟ ਫਿਕਸਿੰਗ ਮਾਮਲੇ ‘ਚ ਸ਼ਾਮਲ ਹੋਣ ਕਾਰਨ ਲੱਗੀ ਸੀ। ਹਾਈਕੋਰਟ ਦਾ ਫੈਸਲਾ ਆਉਣ ਮਗਰੋਂ ਸ੍ਰੀਸੰਤ ਨੇ ਟਵੀਟ ਕਰ ਕੇ ਕਿਹਾ, ” ਗੋਡ ਇਜ਼ ਗ੍ਰੇਟ, ਪਿਆਰ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ।” ਦੱਸ ਦੇਈਏ ਕਿ ਐਸ. ਸ੍ਰੀਸੰਤ ਭਾਰਤੀ ਟੀਮ ਦੇ ਉਭਰਦੇ ਹੋਏ ਤੇਜ਼ ਗੇਂਦਬਾਜ਼ ਰਹੇ ਹਨ ਪਰ ਬੀਸੀਸੀਆਈ ਨੇ ਸਪਾਟ ਫਿਕਸਿੰਗ ਦੇ ਦੋਸ਼ਾਂ ਮਗਰੋਂ ਉਨ•ਾਂ ‘ਤੇ ਉਮਰ ਭਰ ਲਈ ਪਾਬੰਦੀ ਲਾ ਦਿੱਤੀ ਸੀ, ਜਿਸ ਮਗਰੋਂ ਸ੍ਰੀਸੰਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਹੇਠਲੀ ਅਦਾਲਤ ਨੇ ਵੀ ਸ੍ਰੀਸੰਤ ਦੇ ਪੱਖ ‘ਚ ਫੈਸਲਾ ਸੁਣਾਇਆ ਸੀ। ਪਰ ਬੀਸੀਸੀਆਈ ਨੇ ਪਾਬੰਦੀ ਹਟਾਉਣ ਤੋਂ ਮਨ•ਾ ਕਰ ਦਿੱਤਾ ਸੀ।
ਦੱਸ ਦੇਈਏ ਕਿ 2013 ਆਈਪੀਐਲ ਦੇ ਆਖਰੀ ਗੇੜ ‘ਚ ਸਪਾਟ ਫਿਕਸਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। 16 ਮਈ 2013 ਨੂੰ ਸ੍ਰੀਸੰਤ ਅਤੇ ਰਾਜਸਥਾਨ ਰਾਇਲਸ ਦੇ ਉਨ•ਾਂ ਦੇ ਦੋ ਹੋਰ ਸਾਥੀ ਖਿਡਾਰੀਆਂ ਅਜੀਤ ਚੰਦੀਲਾ ਅਤੇ ਅੰਕਿਤ ਚੌਹਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈਪੀਐਲ-6 ‘ਚ ਸਪਾਟ ਫਿਕਸਿੰਗ ਦੇ ਦੋਸ਼ਾਂ ‘ਚ ਦਿੱਲੀ ਪੁਲਿਸ ਨੇ ਇਨ•ਾਂ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਦਿੱਲੀ ਪੁਲਿਸ ਦੀ ਚਾਰਜਸ਼ੀਟ ‘ਚ ਇਨ•ਾਂ ਖਿਡਾਰੀਆਂ ਦੇ ਨਾਲ 39 ਦੂਜੇ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ। ਦਿੱਲੀ ਪੁਲਿਸ ਦੇ ਸਾਬਕਾ ਕਮਿਸ਼ਨਰ ਨੀਰਜ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਇਹ ਖਿਡਾਰੀ ਨਾ ਸਿਰਫ਼ ਸੱਟੇਬਾਜ਼ੀ, ਬਲਕਿ ਸਪਾਟ ਫਿਕਸਿੰਗ ‘ਚ ਵੀ ਸ਼ਾਮਲ ਸੀ। 10 ਜੂਨ 2013 ਨੂੰ ਸ੍ਰੀਸੰਤ, ਚੰਦੀਲਾ ਅਤੇ ਚੌਹਾਨ ਨੂੰ ਵੀ ਜ਼ਮਾਨਤ ਮਿਲ ਗਈ। 25 ਜੁਲਾਈ 2015 ਨੂੰ ਆਈਪੀਐਲ ਸਪਾਟ ਫਿਕਸ਼ਿੰਗ ਕੇਸ ਪਟਿਆਲਾ ਹਾਊਸ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਸ੍ਰੀਸੰਤ, ਅਜੀਤ ਚੰਦੀਲਾ ਅਤੇ ਅੰਕਿਤ ਚੌਹਾਨ ‘ਤੇ ਲੱਗੇ ਪੁਲਿਸ ਦੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਸਬੂਤਾਂ ਦੀ ਘਾਟ ‘ਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।
ਬੀਸੀਸੀਆਈ ਨੇ ਨਕਾਰ ਦਿੱਤੀ ਸੀ ਸ੍ਰੀਸੰਤ ਦੀ ਅਪੀਲ : 18 ਅਪ੍ਰੈਲ 2017 ਨੂੰ ਬੀਸੀਸੀਆਈ ਨੇ ਸ੍ਰੀਸੰਤ ‘ਤੇ ਉਮਰ ਭਰ ਲਈ ਪਾਬੰਦੀ ਦੀ ਸਮੀਖਿਆ ਕੀਤੀ। ਬੀਸੀਸੀਆਈ ਨੇ ਇਸ ਤੇਜ਼ ਗੇਂਦਬਾਜ਼ ਦੀ ਅਪੀਲ ਨੂੰ ਰੱਦ ਕਰ ਦਿੱਤਾ। ਬੀਸੀਸੀਆਈ ਨੇ ਸਾਫ਼ ਸ਼ਬਦਾ ‘ਚ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਸ੍ਰੀਸੰਤ ਨੂੰ ਪੱਤਰ ਲਿਖ ਕੇ ਆਪਣੇ ਫੈਸਲੇ ਦੀ ਸੂਚਨਾ ਦਿੱਤੀ ਗਈ ਸੀ।