ਵਾਸ਼ਿਗੰਟਨ, 31 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਤੰਬਰ ਤਕ ਜੀ-7 ਸਿਖਰ ਸੰਮੇਲਨ ਮੁਲਤਵੀ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੰਮੇਲਨ ‘ਚ ਭਾਰਤ, ਰੂਸ, ਦੱਖਣੀ ਕੋਰੀਆ ਤੇ ਆਸਟ੍ਰੇਲੀਆ ਨੂੰ ਬੁਲਾਉਣਾ ਚਾਹੁੰਦੇ ਹਨ। ਇਹ ਸੰਮੇਲਨ ਜੂਨ ਦੇ ਅਖੀਰ ‘ਚ ਹੋਣ ਵਾਲਾ ਸੀ। ਟਰੰਪ ਨੇ ਇਹ ਵੀ ਕਿਹਾ ਕਿ ਮੌਜੂਦਾ ਜੀ-7 ਦਾ ਫਾਰਮੈਟ ਕਾਫੀ ਪੁਰਾਣੇ ਢੰਗ ਦਾ ਹੈ। ਟਰੰਪ ਨੇ ਸ਼ਨਿਚਰਵਾਰ ਨੂੰ ਏਅਰਫੋਰਸ ਵਨ ‘ਤੇ ਸਵਾਰ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਸ ਨੂੰ ਮੁਲਤਵੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਨਹੀਂ ਲਗਦਾ ਕਿ ਜੀ-7 ਦੁਨੀਆ ‘ਚ ਕੀ ਚੱਲ ਰਿਹਾ ਹੈ। ਉਸ ਦੀ ਠੀਕ ਤਰ੍ਹਾਂ ਨਾਲ ਨੁਮਾਇੰਦਗੀ ਕਰਦਾ ਹੈ। ਇਹ ਦੇਸ਼ਾਂ ਦਾ ਪੁਰਾਣੇ ਢੰਗ ਦਾ ਸਮੂਹ ਹੈ।’ ਵਹਾਈਟ ਹਾਊਸ ਦੀ ਤਰਜਮਾਨ ਏਲਿਸਾ ਫਰਾਹ ਨੇ ਕਿਹਾ ਕਿ ਟਰੰਪ ਹੋਰ ਰਵਾਇਤੀ ਅਮਰੀਕੀ ਸਹਿਯੋਗੀਆਂ ਦੇ ਨਾਲ-ਨਾਲ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਇਕ ਮੰਚ ‘ਤੇ ਲਿਆਉਣਾ ਚਾਹੁੰਦੇ ਹਨ। ਅਮਰੀਕੀ ਰਾਸ਼ਟਰਪਤੀ ਚੀਨ ਦੇ ਭਵਿੱਖ ਬਾਰੇ ਗੱਲ ਕਰਨੀ ਚਾਹੁੰਦੇ ਹਨ। ਇਹ ਸਿਖਰ ਸੰਮੇਲਨ 10-12 ਜੂਨ ਨੂੰ ਵਾਸ਼ਿੰਗਟਨ ‘ਚ ਹੋਣ ਵਾਲਾ ਸੀ, ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਟਾਲ ਕੇ ਜੂਨ ਦੇ ਅਖੀਰ ‘ਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ।