ਸਚਿਨ ਪਾਇਲਟ ਨੂੰ ਰਾਜਸਥਾਨ ਦੇ ਡਿਪਟੀ ਸੀ.ਐੱਮ. ਦੇ ਅਹੁਦੇ ਤੋਂ ਹਟਾਇਆ

526
Share

-ਗੋਵਿੰਦ ਸਿੰਘ ਬਣੇ ਰਾਜਸਥਾਨ ਦੇ ਨਵੇਂ ਪ੍ਰਧਾਨ
ਜੈਪੁਰ, 15 ਜੁਲਾਈ (ਪੰਜਾਬ ਮੇਲ)- ਸਚਿਨ ਪਾਇਲਟ ਨੂੰ ਰਾਜਸਥਾਨ ਦੇ ਡਿਪਟੀ ਸੀ.ਐੱਮ. ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਗੋਵਿੰਦ ਸਿੰਘ ਨੂੰ ਰਾਜਸਥਾਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਲਿਆ ਗਿਆ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਵ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਦਰਅਸਲ ਸਚਿਨ ਪਾਇਲਟ ਤੇ ਉਸ ਦੇ ਸਮਰਥਕ ਵਿਧਾਇਕ ਦਲ ਦੀ ਬੈਠਕ ‘ਚ ਨਹੀਂ ਪਹੁੰਚੇ।
ਕਾਂਗਰਸ ਤੇ ਆਜ਼ਾਦ ਉਮੀਦਵਾਰਾਂ ਦੇ ਕੁੱਲ 102 ਵਿਧਾਇਕ ਮੀਟਿੰਗ ‘ਚ ਪਹੁੰਚੇ ਤੇ ਸਰਬਸੰਮਤੀ ਨਾਲ ਸਚਿਨ ਪਾਇਲਟ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪਾਰਟੀ ਵਿਚੋਂ ਕੱਢੇ ਜਾਣ ਦੀ ਮੰਗ ਕੀਤੀ। ਮੀਟਿੰਗ ‘ਚ ਇਹ ਵੀ ਪਾਸ ਕੀਤਾ ਗਿਆ ਕਿ ਸਚਿਨ ਪਾਇਲਟ ਤੇ ਮੀਟਿੰਗ ਤੋਂ ਗਾਇਬ ਹੋਏ ਵਿਧਾਇਕਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
ਕਾਂਗਰਸ ਵਿਧਾਇਕ ਦਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਰਣਦੀਪ ਸੁਰਜੇਵਾਲਾ ਨੇ ਕਿਹਾ, ”ਸਚਿਨ ਪਾਇਲਟ ਤੇ ਉਸ ਦੇ ਸਾਥੀ ਭਾਜਪਾ ਦੀ ਸਾਜਿਸ਼ ਵਿਚ ਫਸ ਗਏ। ਮੈਨੂੰ ਅਫ਼ਸੋਸ ਹੈ ਕਿ ਇਹ ਲੋਕ 8 ਕਰੋੜ ਰਾਜਸਥਾਨੀਆਂ ਦੁਆਰਾ ਚੁਣੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਢਾਹੁਣ ਦੀ ਸਾਜਿਸ਼ ਰਚ ਰਹੇ ਹਨ। ਇਹ ਅਸਵੀਕਾਰਨਯੋਗ ਹੈ। ਇਸ ਲਈ, ਦੁਖੀ ਦਿਲ ਨਾਲ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਗੋਵਿੰਦ ਸਿੰਘ ਨੂੰ ਰਾਜਸਥਾਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇ।” ਸਚਿਨ ਪਾਇਲਟ ਆਪਣੇ ਅਹੁਦੇ ਤੋਂ ਮੁਕਤ ਹੋ ਗਏ ਹਨ। ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਨਾ ਨੂੰ ਵੀ ਮੰਤਰੀਆਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।
ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਸਚਿਨ ਪਾਇਲਟ ਭਾਜਪਾ ‘ਚ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣਾ ਹੁੰਦਾ, ਤਾਂ ਉਹ ਪਹਿਲਾਂ ਹੀ ਚਲੇ ਗਏ ਹੁੰਦੇ। ਇਹ ਮੰਨਿਆ ਜਾਂਦਾ ਹੈ ਕਿ ਸਚਿਨ ਪਾਇਲਟ ਆਪਣੇ ਸਮਰਥਕਾਂ ਨਾਲ ਆਪਣੀ ਨਵੀਂ ਰਾਜਨੀਤਿਕ ਪਾਰਟੀ ਬਣਾ ਸਕਦੇ ਹਨ।


Share