ਸਕਾਈ ਟਾਵਰ ’ਤੇ ਆਤਿਸ਼ਬਾਜੀ ਅਤੇ ਹਾਰਬਰ ਬਿ੍ਰਜ ਉਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਹੋਵੇਗਾ ਸਵਾਗਤ 2021 ਦਾ

127
Share

ਆਕਲੈਂਡ, 29  ਦਸੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿੱਥੇ ਨਵਾਂ ਸਾਲ ਸ਼ੁਰੂ ਹੋਣ ’ਤੇ ਸਭ ਤੋਂ ਪਹਿਲਾਂ ਸੂਰਜ ਚੜਿ੍ਹਆ ਮੰਨਿਆ ਜਾਂਦਾ ਹੈ। ਇਥੇ 31 ਦਸੰਬਰ ਦੀ ਰਾਤ ਨੂੰ ਮਨਾਏ ਜਾਂਦੇ ਜਸ਼ਨ ਵੀ ਦੇਸ਼-ਵਿਦੇਸ਼ ਦੇ ਲੱਖਾਂ ਲੋਕ ਵੇਖਦੇ ਹਨ। ਕਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ’ਚ ਲਾਕਡਾਊਨ (ਕਰੋਨਾ ਤਾਲਾਬੰਦੀ) ਦਾ ਵੱਖ-ਵੱਖ ਪੱਧਰ ਚੱਲ ਰਿਹਾ ਹੈ। ਨਿਊਜ਼ੀਲੈਂਡ ’ਚ ਇਸ ਵੇਲੇ ਲਾਕਡਾਊਨ ਪੱਧਰ ਇਕ ਚੱਲ ਰਿਹਾ ਹੈ, ਜਨਤਕ ਟਰਾਂਸਪੋਰਟ  ਦੇ ਵਿਚ ਮਾਸਕ ਪਹਿਨਣਾ ਲਾਜ਼ਮੀ ਹੈ ਅਤੇ ਕੁਝ ਹੋਰ ਸ਼ਰਤਾਂ ਵੀ ਜਾਰੀ ਹਨ। ਲੋਕਾਂ ਦੇ ਇਕੱਠ ਉਤੇ ਕੋਈ ਪਾਬੰਦੀ ਨਹੀਂ ਹੈ ਜਿਸ ਕਰਕੇ ਹੁਣ ਨਿਊਜ਼ੀਲੈਂਡ ਨੇ ਨਵੇਂ ਸਾਲ 2021 ਦੇ ਜਸ਼ਨਾਂ ਦੀ ਪੂਰੀ ਤਿਆਰੀ ਕਰ ਲਈ ਹੈ। ਇਨ੍ਹਾਂ ਜਸ਼ਨਾਂ ਦੇ ਦਰਸ਼ਨ ਕਰਨ ਦੇ ਲਈ ਲੋਕਾਂ ਨੂੰ 31 ਦਸੰਬਰ ਦੀ ਅੱਧੀ ਰਾਤ ਨੂੰ ਔਕਲੈਂਡ ਸਿਟੀ ਦਾ ਗੇੜਾ ਮਾਰਨਾ ਹੋਵੇਗਾ ਜਾਂ 1017 ਮੀਟਰ ਲੰਬੇ, 8 ਲੇਨਜ਼ ਵਾਲੇ ਮੋਟਰਵੇਅ ਪੁੱਲ ਯਾਨਿ ਕਿ ਹਾਰਬਰ ਬਿ੍ਰਜ ਉਤੇ ਬਿਜਲੀ ਕੰਪਨੀ ‘ਵੈਕਟਰ’ ਵੱਲੋਂ ਰੰਗ ਬਿਰੰਗੀਆਂ ਲਾਈਟਾਂ ਦਾ ਨਜ਼ਾਰਾ ਦੂਰ ਖੜਕੇ ਵੇਖਣਾ ਹੋਵੇਗਾ। ਇਸ ਵਾਰ 40 ਹੋਰ ਸਰਚ ਲਾਈਟਾਂ ਲਾਈਆਂ ਗਈਆਂ ਹਨ ਤਾਂ ਕਿ ਰਾਤ ਨੂੰ ਹੀ ਚੜ੍ਹਦੇ ਸੂਰਜ ਜਿੰਨੀ ਰੋਸ਼ਨੀ ਕਰ ਦਿੱਤੀ ਜਾਵੇ। ਇਹ ਵਿਸ਼ੇਸ਼ ਲਾਈਟਾਂ 5 ਮਿੰਟ ਤੱਕ ਪੂਰਾ ਰੰਗੀਨ ਨਜ਼ਾਰਾ ਪੇਸ਼ ਕਰਕੇ ਦਿਨ ਵਰਗਾ ਚਾਨਣ ਕਰਨੀਆਂ। ਇਹ ਲਾਈਟਾਂ ਵੱਖ-ਵੱਖ ਰੂਪ ਵਾਲਾ ਸ਼ਾਨਦਾਰ ਦ੍ਰਿਸ਼ ਪੈਦਾ ਕਰਨਗੀਆਂ। ਇਸ ਤੋਂ ਇਲਾਵਾ 1076 ਫੁੱਟ ਉਚੇ ਅਤੇ 1103 ਪੌੜੀਆਂ ਵਾਲੇ ਦੇਸ਼ ਦੀ ਸ਼ਾਨ ‘ਸਕਾਈ ਟਾਵਰ’ ਉਤੇ ਦਿਲਕਸ਼ ਆਤਿਸ਼ਬਾਜੀ ਦਾ ਨਜ਼ਾਰਾ ਹੋਵੇਗਾ। ਜਿਸ ਨੂੰ ਵੇਖਣ ਲਈ  ਲੋਕ ਸ਼ਾਮ ਤੋਂ ਹੀ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ। 2021 ਦਾ ਸਵਾਗਤ ਤਾੜੀਆਂ ਮਾਰ ਕੇ, ਪਟਾਖੇ ਚਲਾ ਕੇ ਅਤੇ ਪੂਰੇ ਜੋਸ਼ੋ-ਖਰੋਸ਼ ਨਾਲ ਚੀਕਾਂ ਮਾਰ-ਮਾਰ ਕੀਤਾ ਜਾਂਦਾ ਹੈ। ਔਕਲੈਂਡ ਦੇ ਮੇਅਰ ਸ੍ਰੀ ਫਿਲ ਗੌਫ ਨੇ ਨਿਊਜ਼ੀਲੈਂਡ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਦੇਸ਼ ਕਰੋਨਾ ਦੇ ਪਸਾਰ ਤੋਂ ਹਾਲ ਦੀ ਘੜੀ ਬਚਿਆ ਹੋਇਆ ਹੈ। ਟੀ.ਵੀ. ਐਨ. ਜ਼ੈਡ-1 ਉਤੇ ਸ਼ਾਮ 7 ਤੋਂ 8 ਤੱਕ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਦ ਕਿ ਇਸਦੇ ਚੈਨਲ-2 ਉਤੇ ਰਾਤ 11 ਵਜੇ ਤੋਂ ਵਿਸ਼ੇਸ਼ ਲਾਈਵ ਪ੍ਰੋਗਰਾਮ ਹੋਣਗੇ। ਨਵੇਂ ਸਾਲ ਦੀਆਂ ਲਾਈਟਾਂ ਅਤੇ ਆਤਿਸ਼ਬਾਜੀ ਵੇਖਣ ਲਈ ਵੀ ਵਿਸ਼ੇਸ਼ ਸਥਾਨ ਵੀ ਨਿਰਧਾਰਤ ਕੀਤੇ ਗਏ ਹਨ।
ਵਰਨਣਯੋਗ ਹੈ ਕਿ 26 ਦਸੰਬਰ ਤੋਂ 4 ਜਨਵਰੀ ਤੱਕ ਰੇਲ ਸਰਵਿਸ ਬੰਦ ਹੋਣ ਕਰਕੇ ਲੋਕਾਂ ਨੂੰ ਬੱਸਾਂ ਅਤੇ ਆਪਣੀਆਂ ਕਾਰਾਂ ਦੇ ਵਿਚ ਹੀ ਜਾਣਾ ਹੋਵੇਗਾ ਅਤੇ ਵਾਪਿਸ ਮੁੜਨਾ ਹੋਵੇਗਾ। ਬਾਅਦ ਦੁਪਹਿਰ ਤੋਂ ਤੜਕੇ ਤੱਕ ਟੈਕਸੀਆਂ ਵਾਲਿਆਂ ਦਾ ਕਾਰੋਬਾਰ ਵੀ ਕਾਫੀ ਖੂਬ ਚਮਕੇਗਾ। ਸੋ ਨਵੇਂ ਸਾਲ 2021 ਦੀਆਂ ਦੇ ਸਵਾਗਤ ਲਈ ਤੁਸੀਂ ਵੀ ਕਰ ਲਓ ਤਿਆਰੀਆਂ।


Share