ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਗੰਗਾ ਜੀ ਨਿਵਾਸ ਦੀ ਆਨਲਾਈਨ ਬੁਕਿੰਗ ਸ਼ੁਰੂ

ਅੰਮ੍ਰਿਤਸਰ, 8 ਮਾਰਚ (ਪੰਜਾਬ ਮੇਲ)- (ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਵਾਸਤੇ ਰਿਹਾਇਸ਼ ਸਬੰਧੀ ਬੁਕਿੰਗ ਔਨਲਾਈਨ ਕਰਨ ਦੀ ਪ੍ਰਕਿਰਿਆ ਤਹਿਤ ਸ਼੍ਰੋਮਣੀ ਕਮੇਟੀ ਨੇ ਮਾਤਾ ਗੰਗਾ ਜੀ ਨਿਵਾਸ ਵਿਚ ਔਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਮਾਤਾ ਗੰਗਾ ਜੀ ਨਿਵਾਸ ਦੀ ਬੁਕਿੰਗ ਔਨਲਾਈਨ ਕੀਤੀ ਗਈ ਹੈ, ਜਿਸ ਨਾਲ ਦੇਸ਼-ਵਿਦੇਸ਼ ਤੋਂ ਪੁੱਜਦੀ ਸੰਗਤ ਹੁਣ ਇਸ ਸੁਵਿਧਾ ਰਾਹੀਂ ਘਰ ਬੈਠੇ ਹੀ ਕਮਰਾ ਬੁੱਕ ਕਰਵਾ ਸਕੇਗੀ। ਇਸ ਸਰਾਂ ਵਿਚ ਲਗਪਗ 88 ਕਮਰੇ ਹਨ। ਅਗਲੇ ਪੜਾਅ ਤਹਿਤ ਬਾਕੀ ਸਰਾਵਾਂ ਨੂੰ ਵੀ ਔਨਲਾਈਨ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਹ ਸਹੂਲਤ ਤਖ਼ਤ ਸਾਹਿਬਾਨ ਦੇ ਨਿਵਾਸਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਹੋਰ ਪ੍ਰਮੁੱਖ ਗੁਰਦੁਆਰਿਆਂ ਵਿਚ ਵੀ ਸ਼ੁਰੂ ਕੀਤੀ ਜਾਵੇਗੀ। ਸ਼ਰਧਾਲੂਆਂ ਨੂੰ ਬੁਕਿੰਗ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ www.sgpc.net ਜਾਂ www.sgpcsarai.com ‘ਤੇ ਜਾ ਕੇ ਕਮਰਾ ਬੁੱਕ ਕਰਨ ਲਈ ਆਪਣਾ ਨਾਮ, ਪੂਰਾ ਪਤਾ, ਮੋਬਾਈਲ ਨੰਬਰ, ਈ-ਮੇਲ ਐਡਰੈਸ ਭਰਨ ਉਪਰੰਤ ਆਪਣਾ ਸ਼ਨਾਖਤੀ ਕਾਰਡ ਅਪਲੋਡ ਕਰਨਾ ਹੋਵੇਗਾ। ਸ਼ਨਾਖਤ ਲਈ ਆਧਾਰ ਕਾਰਡ, ਵੋਟਰ ਆਈ.ਡੀ. ਜਾਂ ਪਾਸਪੋਰਟ ਹੀ ਪ੍ਰਵਾਨਿਤ ਹੋਣਗੇ। ਸ਼ਰਧਾਲੂ ਕੇਵਲ 2 ਰਾਤਾਂ ਲਈ ਕਮਰਾ ਬੁੱਕ ਕਰਵਾ ਸਕਣਗੇ ਅਤੇ ਕਮਰਾ ਘੱਟੋ-ਘੱਟੋ 2 ਵਿਅਕਤੀਆਂ ਦੇ ਰਹਿਣ ਲਈ ਹੀ ਬੁੱਕ ਹੋਵੇਗਾ। ਅਦਾਇਗੀ ਕੇਵਲ ਆਨਲਾਈਨ ਹੋਵੇਗੀ। ਇਸ ਸਬੰਧੀ ਮੁਕੰਮਲ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਹੈ। ਵਿਸਾਖੀ ਮੌਕੇ ਸਾਰਾਗੜ੍ਹੀ ਸਰਾਂ ਵੀ ਸ਼ੁਰੂ ਹੋ ਜਾਵੇਗੀ। ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ ਵੱਖ-ਵੱਖ ਸਰਾਵਾਂ ਵਿਚ ਲਗਭਗ 638 ਕਮਰੇ ਹਨ।
There are no comments at the moment, do you want to add one?
Write a comment