ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਦੀ ਪੇਸ਼ਕਸ਼

319
Share

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਮੇਲ)- ਪੰਥ ਪ੍ਰਸਿੱਧ ਕੀਰਤਨੀਏ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਆਪਣੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ‘ਤੇ ਕਰਨ ਲਈ ਪ੍ਰਸ਼ਾਸਨ ਨੂੰ ਪੇਸ਼ਕਸ਼ ਕੀਤੀ ਗਈ ਹੈ, ਪਰ ਜਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਸ ਨੇ ਇਸ ਦਾ ਪ੍ਰਬੰਧ ਕਰ ਲਿਆ ਹੈ। ਇਸੇ ਦੌਰਾਨ ਭਾਈ ਖਾਲਸਾ ਦੇ ਅੰਤਿਮ ਸੰਸਕਾਰ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਲੋਈ ਤੇ ਸਿਰੋਪਾਓ ਭੇਜੇ ਗਏ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਕਰਨ ਤੋਂ ਕੁਝ ਲੋਕਾਂ ਨੇ ਵਿਰੋਧ ਕੀਤਾ ਹੈ। ਇਹ ਸਿੱਖ ਪੰਥ ਦੀ ਉਘੀ ਸ਼ਖਸੀਅਤ ਦਾ ਨਿਰਾਦਰ ਹੈ। ਪੰਜਾਬ ਦੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਸ਼ਨਾਮੱਤੀ ਸਿੱਖ ਵਿਰਾਸਤ ਦਿੱਤੀ ਹੈ ਪਰ ਕੁਝ ਲੋਕਾਂ ਨੇ ਅਜਿਹਾ ਕਰਕੇ ਗੁਰੂ ਘਰ ਦੇ ਕੀਰਤੀਏ ਦੀ ਸੇਵਾ ਨੂੰ ਦਰਕਿਨਾਰ ਕੀਤਾ ਹੈ।
ਇਸ ਸਬੰਧ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਅਸੀਂ ਭਾਈ ਖਾਲਸਾ ਦੀਆਂ ਅੰਤਿਮ ਰਸਮਾਂ ਗੁਰਦੁਅਰਾ ਸਤਲਾਣੀ ਸਾਹਿਬ ਕਰਨ ਨੂੰ ਤਿਆਰ ਹਾਂ। ਇਸ ਲਈ ਪ੍ਰਸ਼ਾਸਨ ਨੂੰ ਆਖਿਆ ਗਿਆ ਹੈ ਪਰ ਪ੍ਰਸ਼ਾਸਨ ਅਨੁਸਾਰ ਉਨ੍ਹਾਂ ਨੇ ਪੂਰਾ ਪ੍ਰਬੰਧ ਕਰ ਲਿਆ ਹੈ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਲੋਈ ਤੇ ਸਿਰੋਪਾਓ ਲੈ ਕੇ ਗਏ ਵਧੀਕ ਸਕੱਤਰ ਸ਼ ਸੁਖਦੇਵ ਸਿੰਘ ਭੂਰਾਕੋਹਨਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਮੀਤ ਸਕੱਤਰ ਸ਼ ਸੁਲੱਖਣ ਸਿੰਘ ਭੰਗਾਲੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਪੀ.ਏ. ਸ. ਜਸਪਾਲ ਸਿੰਘ ਨੂੰ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਦੂਰ ਤੋਂ ਹੀ ਸਿਰੋਪਾਓ ਪ੍ਰਾਪਤ ਕਰ ਕੇ ਮੋੜ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹ ਇਹ ਸਨਮਾਨ ਆਪ ਮ੍ਰਿਤਕ ਦੇਹ ਤੱਕ ਪਹੁੰਚਾ ਦੇਣਗੇ।


Share