ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਹੁਣ ਜਲਦੀ ਰਵਾਇਤੀ ਪਹਿਰਾਵੇ ‘ਚ ਆਉਣਗੇ ਨਜ਼ਰ

111
Share

-ਸਨਮਾਨ ਸਮੇਂ ਸਿਰੋਪਾਓ ਦੇ ਨਾਲ ਲੋਈ ਦੇਣ ਦੇ ਰੁਝਾਨ ਨੂੰ ਕੀਤਾ ਬੰਦ
ਅੰਮ੍ਰਿਤਸਰ, 5 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ, ਹੋਰ ਅਦਾਰਿਆਂ ਅਤੇ ਗੁਰਦੁਆਰਿਆਂ ਵਿਚ ਸਿੱਖ ਸੰਸਥਾ ਦੇ ਕਰਮਚਾਰੀ ਹੁਣ ਜਲਦੀ ਰਵਾਇਤੀ ਪਹਿਰਾਵੇ ਕੁੜਤੇ ਪਜਾਮੇ ਵਿਚ ਨਜ਼ਰ ਆਉਣਗੇ। ਸ਼੍ਰੋਮਣੀ ਕਮੇਟੀ ਵਲੋਂ ਇਸ ‘ਡਰੈਸ ਕੋਡ’ ਨੂੰ ਜਲਦੀ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਖਸੀਅਤਾਂ ਦੇ ਸਨਮਾਨ ਸਮੇਂ ਸਿਰੋਪਾਓ ਦੇ ਨਾਲ ਲੋਈ ਦੇਣ ਦੇ ਰੁਝਾਨ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਨਵ ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਮਾਨ ਸਾਂਭਦਿਆਂ ਹੀ ਕੁਝ ਤਬਦੀਲੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਸਿੱਖ ਸੰਸਥਾ ਦੇ ਕਰਮਚਾਰੀਆਂ ਨੂੰ ਪੱਛਮੀ ਪਹਿਰਾਵਾ ਛੱਡ ਕੇ ਮੁੜ ਰਵਾਇਤੀ ਪਹਿਰਾਵਾ ਪਹਿਨਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਕਰਮਚਾਰੀ ਕੁੜਤਾ ਪਜਾਮਾ ਪਾਉਣਗੇ, ਜਿਸ ਉਪਰ ਸ੍ਰੀ ਸਾਹਿਬ ਪਹਿਨਣਗੇ ਅਤੇ ਉਨ੍ਹਾਂ ਦਾ ਸ਼ਨਾਖਤੀ ਕਾਰਡ ਵੀ ਦਿਖਾਈ ਦੇਵੇਗਾ। ਇਸ ਤਬਦੀਲੀ ਨੂੰ ਜਲਦੀ ਹੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਦੇਣ ਵੇਲੇ ਸਿਰੋਪਾਓ ਦੇ ਨਾਲ ਲੋਈ ਦੇਣ ਦੇ ਰੁਝਾਨ ਨੂੰ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਆਖਿਆ ਕਿ ਇਸ ਨਾਲ ਵਿੱਤੀ ਬੋਝ ਵਿਚ ਕਮੀ ਆਵੇਗੀ ਅਤੇ ਸਿਰੋਪਾਓ ਦੀ ਮਹੱਤਤਾ ਵੀ ਬਣੀ ਰਹੇਗੀ।
ਸਿੱਖ ਸੰਸਥਾ ਦੇ ਨਵੇਂ ਬਣੇ ਆਨਰੇਰੀ ਚੀਫ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕਰਮਚਾਰੀਆਂ ਲਈ ਰਵਾਇਤੀ ਪਹਿਰਾਵਾ ਜਲਦੀ ਲਾਗੂ ਕੀਤਾ ਜਾਵੇਗਾ। ਇਸ ਸਬੰਧ ਵਿਚ ਜਲਦੀ ਹੀ ਇਕ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਡਰੈਸ ਕੋਡ ਲਾਗੂ ਕਰਨ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ।


Share