ਸ਼ੇਰੇ-ਪੰਜਾਬ ਦੀ ਜੱਦੀ ਹਵੇਲੀ ਨੂੰ ਸੁਰੱਖਿਅਤ ਨਹੀਂ ਰੱਖ ਸਕੀ ਪਾਕਿ ਸਰਕਾਰ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸੂਬਾ ਪੰਜਾਬ ਦੀਆਂ ਪ੍ਰਮੁੱਖ ਸੜਕਾਂ ਚੌਰਾਹਿਆਂ ਦੇ ਨਾਂਅ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ ‘ਤੇ ਰੱਖਣ ਦੇ ਦਾਅਵੇ ਕਰਨ ਵਾਲੀ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਮਹਾਰਾਜਾ ਦੀ ਗੁਜਰਾਂਵਾਲਾ ‘ਚ ਜੱਦੀ ਹਵੇਲੀ ਨੂੰ ਸੁਰੱਖਿਅਤ ਨਹੀਂ ਰੱਖ ਸਕੀ। ਹਵੇਲੀ ਦੇ ਅਗਲੇ ਹਿੱਸੇ ‘ਚ ਨਾਜਾਇਜ਼ ਉਸਾਰੀਆਂ ਦੁਕਾਨਾਂ ਨੂੰ ਮੱਛੀ ਮਾਰਕੀਟ ਤੇ ਹਵੇਲੀ ਦੇ ਪਿਛਲੇ ਹਿੱਸੇ ਨੂੰ ਪਾਰਕਿੰਗ ‘ਚ ਬਦਲ ਦਿੱਤਾ ਗਿਆ ਹੈ।
ਹਵੇਲੀ ਦੇ ਨਾਲ ਲੱਗਦੇ ਘਰ ‘ਚ ਰਹਿੰਦੇ ਮੁਹੰਮਦ ਕਾਸਿਮ ਰਫੰਕ ‘ਅੰਮ੍ਰਿਤਸਰੀ’ ਦੇ ਅਨੁਸਾਰ ਸ਼ੇਰੇ ਪੰਜਾਬ ਦਾ ਜਨਮ ਸਥਾਨ ਮੌਜੂਦਾ ਸਮੇਂ ਨਸ਼ੇੜੀਆਂ ਅਤੇ ਜੁਆਰੀਆਂ ਦਾ ਅੱਡਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਪੁਰਾਤਤਵ ਵਿਭਾਗ ਵੱਲੋਂ ਇਸ ਵਿਰਾਸਤੀ ਇਮਾਰਤ ਐਲਾਨੀ ਹਵੇਲੀ ਦੀ ਖਬਰ ਲੈਣ ਲਈ ਵਿਭਾਗ ਦੇ ਅਧਿਕਾਰੀ ਸਾਲ ਵਿਚ ਸਿਰਫ ਇਕ ਦੋ ਵਾਰ ਆਉਂਦੇ ਹਨ ਤੇ ਇਸ ਦੀ ਸੁਰੱਖਿਆ ਲਈ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਗਈ। ਵਰਨਣਯੋਗ ਹੈ ਕਿ ਗੁੱਜਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿਚਲੀ ਦੀਵਾਨ ਖਾਨੇ ਵਾਂਗੂ ਵਿਖਾਈ ਦਿੰਦੀ ਇਸ ਹਵੇਲੀ ਬਾਰੇ ਜ਼ਿਆਦਾ ਵਿਦਵਾਨਾਂ ਤੇ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਇਸੇ ਹਵੇਲੀ ਵਿਚ ਮਹਾਰਾਜੇ ਦਾ ਜਨਮ ਬੀਬੀ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਹਵੇਲੀ ਦੀ ਉਪਰਲੀ ਮੰਜ਼ਿਲ ਦੇ ਇਕ ਕਮਰੇ ਦੇ ਬਾਹਰ ਲੱਗੇ ਪੱਧਰ ਦੀ ਸਿੱਲ੍ਹ ਉੱਤੇ ਅੰਗਰੇਜ਼ੀ ਤੇ ਉਰਦੂ ਵਿਚ ‘ਮਹਾਰਾਜਾ ਰਣਜੀਤ ਸਿੰਘ ਜਨਮ ਦੋ ਨਵੰਬਰ 1780’ ਉਕਰਿਆ ਹੋਇਆ ਹੈ। ਇਹ ਸਿੱਲ੍ਹ 1891 ਵਿਚ ਗੁੱਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਜੇ ਉਬਾਟਨ ਨੇ ਗੁੱਜਰਾਂਵਾਲਾ ਦੇ ਸਰਦਾਰਾਂ ਦੀ ਨਿਸ਼ਾਨਦੇਹੀ ‘ਤੇ ਉਪਰੋਕਤ ਹਵੇਲੀ ਦੇ ਉਸ ਕਮਰੇ ਦੇ ਬਾਹਰ ਲਵਾਈ ਸੀ, ਜਿਥੇ ਮਹਾਰਾਜੇ ਦਾ ਜਨਮ ਹੋਇਆ ਦੱਸਿਆ ਗਿਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਇਹ ਹਵੇਲੀ ਭਾਰਤ ਤੋਂ ਗਏ ਸ਼ਰਨਾਰਥੀ ਪਰਿਵਾਰਾਂ ਨੂੰ ਰਿਹਾਇਸ਼ ਲਈ ਦਿੱਤੀ ਗਈ। ਬਾਅਦ ਵਿਚ ਇਹ ਹਵੇਲੀ ਖਾਲੀ ਕਰਵਾ ਕੇ ਇਸ ਵਿਚ ਥਾਣਾ ਕਾਇਮ ਕੀਤਾ ਗਿਆ। ਸਾਲ 2006 ‘ਚ ਪੁਰਾਤਤਵ ਵਿਭਾਗ ਪਾਕਿਸਤਾਨ ਨੇ ਥਾਣਾ ਹਟਵਾ ਕੇ ਹਵੇਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਹੁਣ ਇਹ ਹਵੇਲੀ ਵਿਭਾਗ ਦੇ ਕਬਜ਼ੇ ਅਧੀਨ ਹੈ।