ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ, 12 ਜਨਵਰੀ (ਪੰਜਾਬ ਮੇਲ)- ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ ਠੰਢੀਆਂ ਤੇਜ਼ ਹਵਾਵਾਂ ਤੇ ਮੀਂਹ ਦੇ ਕਾਰਨ ਕਰੀਬ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ਼ਨੀਵਾਰ ਸਵੇਰੇ, ਸ਼ਹਿਰ ਦੇ ਓ ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਨੇ 950 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ, ਜਦੋਂਕਿ ਮਿਡਵੇ ਇੰਟਰਨੈਸ਼ਨਲ ਏਅਰਪੋਰਟ ਨੂੰ 60 ਉਡਾਣਾਂ ਰੱਦ ਕਰਨੀਆਂ ਪਈਆਂ।
ਉੱਤਰੀ ਇਲੀਨੋਇਸ ਤੇ ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰੇ ਤੜਕੇ ਅਡਵਾਇਜ਼ਰੀ ਜਾਰੀ ਕੀਤੀ ਗਈ । ਇਸ ਅਡਵਾਇਜ਼ਰੀ ਮੁਤਾਬਕ ਐਤਵਾਰ ਨੂੰ ਦੁਪਹਿਰ 3 ਵਜੇ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰ ਤੋਂ ਬਾਰਸ਼ ਸ਼ੁਰੂ ਹੋ ਗਈ ਸੀ।
ਉਧਰ, ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰ ਬਰਫੀਲੇ ਤਾਪਮਾਨ ਤੋਂ ਉਪਰਲੇ ਖੇਤਰਾਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਕਾਰਨ ਦਰਿਆਵਾਂ ਦਾ ਵਹਾਅ ਵੱਧ ਸਕਦਾ ਹੈ ਤੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ, ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਤੇਜ਼ ਤੂਫਾਨ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਤਬਾਹੀ ਵੀ ਹੋਈ ਹੈ।
ਅਡਵਾਇਜ਼ਰੀ ਜਾਰੀ ਕਰਕੇ, ਅਥਾਰਿਟੀ ਨੇ ਇਲਾਕਾ ਨਿਵਾਸੀਆਂ ਨੂੰ ਪਾਣੀ ਦੇ ਸਾਰੇ ਨਿਕਾਸ ਸਥਾਨਾਂ ਤੋਂ ਸਾਵਧਾਨੀ ਵਰਤਣ ਤੇ ਨੀਵੇਂ ਇਲਾਕਿਆਂ ਤੇ ਅੰਡਰਪਾਸਾਂ ਵਿੱਚ ਹੜ੍ਹ ਵਾਲੇ ਰੋਡਵੇਜ਼ ‘ਤੇ ਵਾਹਨ ਚਲਾਉਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦੀਤੀ ਹੈ। 12 ਜਨਵਰੀ ਤੱਕ ਹੜ ਦੀ ਚੇਤਾਵਨੀ ਜਾਰੀ ਹੈ।