ਸ਼ਰਾਬ ਕਾਂਡ ਮੁੱਦੇ ਤੋਂ ਬਾਅਦ ਪੈਦਾ ਹੋਏ ਕੈਪਟਨ-ਬਾਜਵਾ ਵਿਵਾਦ ‘ਚ ਸੁਖਪਾਲ ਖਹਿਰਾ ਨੇ ਵੀ ਦਿੱਤੀ ਦਸਤਕ

88
Share

ਕਿਹਾ: ਰਾਜਨੀਤਿਕ ਵਿਰੋਧੀਆਂ ਨੂੰ ਬਿਆਨਬਾਜ਼ੀ ਕਰਨ ਤੋਂ ਰੋਕਣ ਲਈ ਅਪਣਾਇਆ ਅਨੋਖਾ ਹੱਥਕੰਡਾ
ਬਾਬਾ ਬਕਾਲਾ ਸਾਹਿਬ, 10 ਅਗਸਤ (ਪੰਜਾਬ ਮੇਲ)- ਕਾਂਗਰਸ ਦੇ ਸੀਨੀਅਰ ਆਗੂਆਂ ਵਿਚਾਲੇ ਚੱਲ ਰਹੀ ਜੰਗ ਵਿਚ ਹੁਣ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਵੀ ਦਸਤਕ ਦਿੱਤੀ ਹੈ। ਖਹਿਰਾ ਮੁਤਾਬਕ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼ਰਾਬ ਕਾਂਡ ਮੁੱਦੇ ਨੂੰ ਲੈ ਕੇ ਸਰਕਾਰ ਦੀਆਂ ਨਾਕਾਮੀਆਂ ਅਤੇ ਮਿਲੀਭੁਗਤ ਨੂੰ ਜਗਜ਼ਾਹਿਰ ਕੀਤੇ ਜਾਣ ਤੋਂ ਖਫ਼ਾ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨੂੰ ਪਹਿਲਾਂ ਤੋਂ ਹੀ ਮਿਲੀ ਹੋਈ ਸੁਰੱਖਿਆ ਨੂੰ ਵਾਪਿਸ ਲੈ ਕੇ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਬਿਆਨਬਾਜ਼ੀ ਕਰਨ ਤੋਂ ਰੋਕਣ ਲਈ ਅਨੋਖਾ ਹੱਥਕੰਡਾ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕਾਂਗਰਸ ਦੇ ਸ਼ਰਾਬ ਮਾਫੀਆ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ, ਜੋ ਕੈਪਟਨ ਨੂੰ ਪਸੰਦ ਨਹੀਂ ਹੈ ਅਤੇ ਕੈਪਟਨ ਨਹੀਂ ਚਾਹੁੰਦੇ ਕਿ ਉਹ ਆਪਣੇ ਕਿਸੇ ਮੰਤਰੀ ਜਾਂ ਵਿਧਾਇਕ ਦੀ ਇਸ ਸ਼ਰਾਬ ਕਾਂਡ ‘ਚ ਸ਼ਮੂਲੀਅਤ ਤੋਂ ਪਰਦਾ ਚੁੱਕ ਸਕਣ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਜਦ ਇਹ ਗੱਲ ਜਗਜ਼ਾਹਿਰ ਹੋ ਚੁੱਕੀ ਹੈ ਕਿ ਅਜਿਹੇ ਕਾਂਡ ਵਿਚ ਕਾਂਗਰਸੀ ਵਿਧਾਇਕਾਂ, ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਪੰਜਾਬ ਵਿਚ ਸ਼ਰਾਬ ਮਾਫੀਆ ਸਰਗਰਮ ਹੋਇਆ ਬੈਠਾ ਹੈ ਪਰ ਹੁਣ ਪੰਜਾਬ ਪੁਲਿਸ ਇਨ੍ਹਾਂ ਸ਼ਰਾਬ ਕਾਂਡ ਦੇ ਅਸਲ ਮੁਲਜ਼ਮਾਂ ਨੂੰ ਫੜਣ ਦੀ ਬਜਾਏ ਛੋਟੇ ਮਜ਼ਦੂਰਾਂ ‘ਤੇ ਝੂਠੇ ਮਾਮਲੇ ਪਾ ਕੇ ਅਤੇ ਉਨ੍ਹਾਂ ਨੂੰ ਨਾਜਾਇਜ਼ ਤੌਰ ‘ਤੇ ਫਸਾ ਕੇ ਸਾਬਿਤ ਕਰ ਰਹੀ ਹੈ ਕਿ ਉਹ ਇਸ ਸ਼ਰਾਬ ਕਾਂਡ ਦੇ ਵਾਪਰਣ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਨ੍ਹਾਂ ਵਿਰੁੱਧ ਫਰਜ਼ੀ ਮਾਮਲੇ ਦਰਜ ਕਰਕੇ ਖਾਨਾਪੂਰਤੀ ਕਰ ਰਹੇ ਹਨ।


Share