ਸ਼ਰਾਬੀ ਪੰਜਾਬੀ ਨੇ ਏਅਰ ਕੈਨੇਡਾ ਦੀ ਹੰਗਾਮੀ ਲੈਂਡਿੰਗ ਕਰਾਈ

ਐਡਮਿੰਟਨ, 6 ਜਨਵਰੀ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਕੈਨੇਡਾ ਤੋਂ ਦਿੱਲੀ ਜਾ ਰਹੀ ਏਅਰ ਕੈਨੇਡਾ ਦੀ ਫਲਾਇਟ ‘ਚ ਸ਼ਰਾਬ ਪੀ ਕੇ ਹੰਗਾਮਾ ਕਰਨ ਤੇ ਏਅਰ ਹੋਸਟਸ ਉਪਰ ਹਮਲਾ ਕਰਕੇ ਜ਼ਖਮੀ ਕਰਨ ਵਾਲੇ ਪੰਜਾਬੀ ਨੂੰ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਪਿੱਛੋ ਟੋਰਾਂਟੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਗ੍ਰਿਫ਼ਤਾਰ ਕਰ ਲਿਆ ਗਿਆ। ਹਵਾਈ ਜਹਾਜ਼ ਦੇ 232 ਮੁਸਾਫਿਰਾਂ ਨੂੰ 12 ਘੰਟੇ ਖੱਜਲ-ਖੁਆਰ ਹੋਣਾ ਪਿਆ।
ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ ਪੈਟਰਿਕ ਦੇ ਦੱਸਣ ਅਨੁਸਾਰ ਐਡਮਿੰਟਨ ਨੇੜਲੇ ਫੋਰਟ ਮੈਕਮਰੀ ਉਪ ਨਗਰ ਦਾ 47 ਸਾਲਾ ਜਸਕਰਨ ਸਿੰਘ ਸਿੱਧੂ ਏਅਰ ਕੈਨੇਡਾ ਦੀ ਟੋਰਾਂਟੋ ਤੋਂ ਦਿੱਲੀ ਜਾ ਰਹੀ ਨਾਨ ਸਟਾਪ ਫਲਾਇਟ ‘ਚ ਦਿੱਲੀ ਜਾ ਰਿਹਾ ਸੀ, ਜਦੋਂ ਉਸ ਨੇ ਜਹਾਜ਼ ਅੰਦਰ ਹੰਗਾਮਾ ਖੜ੍ਹਾ ਕਰ ਦਿੱਤਾ। ਉਹ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਹਮਲਾ ਕਰਕੇ ਏਅਰ ਹੋਸਟਸ ਨੂੰ ਜ਼ਖਮੀ ਕਰ ਦਿੱਤਾ। ਨਤੀਜੇ ਵਜੋਂ ਹਵਾਈ ਜਹਾਜ਼ ਨੂੰ ਹੰਗਾਮੀ ਹਾਲਤ ‘ਚ ਵਾਪਸ ਕੈਨੇਡਾ ਮੋੜਨਾ ਪਿਆ। ਘਟਨਾ ਰਾਤ ਦੇ ਪੌਣੇ ਇਕ ਵਜੇ ਵਾਪਰੀ। ਉਸ ਸਮੇਂ 787 ਬੋਇੰਗ ਜੈਟ ਢਾਈ ਘੰਟੇ ਦਾ ਸਫਰ ਪੂਰਾ ਕਰ ਚੁੱਕਿਆ ਸੀ।
ਪੀਲ ਰੀਜਨਲ ਪੁਲਿਸ ਦੇ ਬੁਲਾਰੇ ਸਾਰਜੈਂਟ ਰੌਬ ਲੇਲੂ ਨੇ ਦੱਸਿਆ ਕਿ ਹਵਾਈ ਜਹਾਜ਼ ਦੀ ਐਮਰਜੈਂਸੀ ਲੈਡਿੰਗ ਪਿੱਛੋਂ ਜਸਕਰਨ ਸਿੰਘ ਸਿੱਧੂ ਨੂੰ ਪੁਲਿਸ ਦੀ ਟੀਮ ਨੇ ਹਵਾਈ ਜਹਾਜ਼ ਦੇ ਅੰਦਰੋਂ ਗ੍ਰਿਫ਼ਤਾਰ ਕੀਤਾ। ਉਸ ਨੂੰ ਹੰਗਾਮਾ ਕਰਨ, ਮੁਸਾਫਿਰਾਂ ਦਾ ਜੀਵਨ ਖਤਰੇ ਵਿਚ ਪਾਉਣ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਕੀਤਾ ਗਿਆ ਹੈ।
ਜਸਕਰਨ ਸਿੰਘ ਸਿੱਧੂ ਨਾਲ ਸਫਰ ਕਰਨ ਵਾਲੀ ਮੁਸਾਫਿਰ ਮਲਵੀਰ ਕੌਰ ਨੇ ਦੱਸਿਆ ਕਿ ਹਿੰਸਕ ਹੋਇਆ ਸਿੱਧੂ ਏਅਰ ਹੋਸਟਿਸ ਦੀ ਉਂਗਲੀ ‘ਤੇ ਦੰਦੀ ਵੱਢ ਦਿੱਤੀ। ਪੀਲ ਪੁਲਿਸ ਨੇ ਏਅਰ ਹੋਸਟਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ।
ਜਸਕਰਨ ਸਿੰਘ ਸਿੱਧੂ ਨੂੰ ਬਾਅਦ ਦੁਪਹਿਰ ਬਰੈਂਪਟਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਜੱਜ ਨੇ ਉਸ ਨੂੰ ਕਰੜੀਆਂ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ ਹੈ। ਉਹ ਸ਼ਰਾਬ ਨਹੀਂ ਪੀ ਸਕੇਗਾ, ਏਅਰ ਕੈਨੇਡਾ ਦੇ ਕਿਸੇ ਜਹਾਜ਼ ਜਾਂ ਜਾਇਦਾਦ ਨੇੜੇ ਨਹੀਂ ਢੁੱਕ ਸਕੇਗਾ ਅਤੇ ਟੋਰਾਂਟੋ ਹਵਾਈ ਅੱਡੇ ਦੇ ਨੇੜੇ ਵੀ ਨਹੀਂ ਜਾ ਸਕੇਗਾ। ਨਤੀਜੇ ਵਜੋਂ ਹੁਣ ਉਹ ਸਾਢੇ 3 ਹਜ਼ਾਰ ਕਿਲੋਮੀਟਰ ਦੂਰ ਆਪਣੇ ਘਰ ਹਵਾਈ ਜਹਾਜ਼ ‘ਤੇ ਨਹੀਂ ਪਰਤ ਸਕੇਗਾ।
ਜਸਕਰਨ ਸਿੰਘ ਸਿੱਧੂ ਦੀ ਅਗਲੀ ਪੇਸ਼ੀ 9 ਜਨਵਰੀ 2016 ਦੀ ਪਾਈ ਗਈ ਹੈ। ਜੇਕਰ ਉਹ ਦੋਸ਼ੀ ਪਾਇਆ ਗਿਆ, ਤਾਂ ਉਸ ਨੂੰ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਏਅਰ ਕੈਨੇਡਾ ਉਸ ਉਪਰ ਹਰਜਾਨੇ ਦਾ ਵੱਖਰਾ ਕੇਸ ਕਰੇਗਾ। ਕੇਸ ਦੇ ਨਿਪਟਾਰੇ ਤੱਕ ਉਹ ਅਮਰੀਕਾ ‘ਚ ਵੀ ਦਾਖਲ ਨਹੀਂ ਹੋ ਸਕੇਗਾ।
There are no comments at the moment, do you want to add one?
Write a comment