ਫਰਿਜ਼ਨੋ, 5 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਵ੍ਹਾਈਟ ਹਾਊਸ ਦੀ ਕਮਿਊਨਿਕੇਸ਼ਨ ਡਾਇਰੈਕਟਰ ਐਲਿਸ਼ਾ ਫਰਾਹ ਟਰੰਪ ਪ੍ਰਸ਼ਾਸਨ ਦੇ ਨਾਲ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ ਆਪਣਾ ਅਹੁਦਾ ਛੱਡ ਰਹੀ ਹੈ। ਇਸ ਗੱਲ ਦੀ ਪੁਸ਼ਟੀ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਦੁਆਰਾ ਕੀਤੀ ਗਈ ਹੈ। ਫਰਾਹ ਦੁਆਰਾ ਜਾਰੀ ਕੀਤੇ ਇੱਕ ਬਿਆਨ ਅਨੁਸਾਰ ਉਹ ਨਵੇਂ ਮੌਕਿਆਂ ਦੀ ਪੈਰਵੀ ਕਰਨ ਲਈ ਆਪਣਾ ਅਹੁਦਾ ਛੱਡ ਰਹੀ ਹੈ ਅਤੇ ਦੇਸ਼ ਦੇ ਪ੍ਰਸ਼ਾਸਨ ਵਿਚ ਸੇਵਾ ਕਰਨੀ ਉਸ ਲਈ ਇੱਕ ਵੱਡਾ ਸਨਮਾਨ ਹੈ।
31 ਸਾਲਾਂ ਫਰਾਹ ਇਸ ਸਾਲ ਦੇ ਸ਼ੁਰੂ ਵਿਚ ਵ੍ਹਾਈਟ ਹਾਊਸ ਦੀ ਟੀਮ ‘ਚ ਸ਼ਾਮਲ ਹੋਈ ਸੀ। ਇਸ ਤੋਂ ਪਹਿਲਾਂ ਫਰਾਹ ਨੇ ਪੈਂਟਾਗਨ ਅਤੇ ਉਪ-ਰਾਸ਼ਟਰਪਤੀ ਮਾਈਕ ਪੈਂਸ ਦੀ ਪ੍ਰੈਸ ਸਕੱਤਰ ਵਜੋਂ ਕੰਮ ਕੀਤਾ ਸੀ। ਇਸ ਦੇ ਇਲਾਵਾ ਟਰੰਪ ਪ੍ਰਸ਼ਾਸਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਫਰਾਹ, ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ ਮਾਰਕ ਮੀਡੋਜ਼ ਦੀ ਸਪੋਕਸਪਰਸਨ ਸੀ। ਜ਼ਿਕਰਯੋਗ ਹੈ ਕਿ ਫਰਾਹ ਨੇ ਰਾਸ਼ਟਰਪਤੀ ਟਰੰਪ ਦੇ ਚੋਣ ਧੋਖਾਧੜੀ ਦੇ ਝੂਠੇ ਦਾਅਵਿਆਂ ਨੂੰ ਜਨਤਕ ਤੌਰ ‘ਤੇ ਸਮਰਥਨ ਕਰਨ ਤੋਂ ਨਾਂਹ ਕਰ ਦਿੱਤੀ ਸੀ।