ਵੈਨਕੂਵਰ, 24 ਜੁਲਾਈ (ਪੰਜਾਬ ਮੇਲ)-ਵੈਨਕੂਵਰ ਦੀ ਪੁਲਿਸ ਨੇ 32 ਸਾਲਾ ਪੰਜਾਬੀ ਨੌਜਵਾਨ ਸੁਖਬਿੰਦਰ ਸਿੰਘ ਸੋਗੀ ਨੂੰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਘਟਨਾ ਵੈਨਕੂਵਰ ਦੇ ਬਰਾਡਵੇਅ ਸਕਾਈ ਸਟੇਸ਼ਨ ਦੇ ਸਾਹਮਣੇ ਦੀ ਹੈ, ਜਦੋਂ ਸੁਖਬਿੰਦਰ ਸਿੰਘ ਦਾ ਕਿਸੇ ਦੂਸਰੇ ਵਿਅਕਤੀ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਿਆ ਜੋ ਹਿੰਸਕ ਰੂਪ ਧਾਰਨ ਕਰ ਗਿਆ। ਇਸ ਦੌਰਾਨ ਜਦੋਂ ਉਕਤ ਵਿਅਕਤੀ ਉਥੋਂ ਤੁਰਨ ਲੱਗਾ ਤਾਂ ਸੁਖਬਿੰਦਰ ਸਿੰਘ ਨੇ ਉਸ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ ਤੇ ਗੱਤੇ ਦੇ ਡੱਬੇ ਕੱਟਣ ਵਾਲੇ ਚਾਕੂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਉਕਤ ਵਿਅਕਤੀ ਹੱਥਾਂ ਤੇ ਛਾਤੀ ਉਪਰ ਚਾਕੂ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਥੇ ਤਾਇਨਾਤ ਸਕਿਓਰਿਟੀ ਦੇ 2 ਕਰਮੀਆਂ ਨੇ ਸੁਖਬਿੰਦਰ ਸਿੰਘ ਨੂੰ ਮੌਕੇ ‘ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਉਪਰ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਸੁਖਬਿੰਦਰ ਸਿੰਘ ਸੋਗੀ ਨੂੰ 18 ਅਗਸਤ ਨੂੰ ਵੈਨਕੂਵਰ ਦੀ ਸੂਬਾਈ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।