ਵੂਹਾਨ ‘ਚ ਰਹਿ ਰਹੇ ਭਾਰਤੀਆਂ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਡਰ!

88
Share

-ਕੋਰੋਨਾਵਾਇਰਸ ਦੇ ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਪੈਦਾ ਹੋਇਆ ਡਰ
ਬੀਜਿੰਗ, 29 ਅਪ੍ਰੈਲ (ਪੰਜਾਬ ਮੇਲ)- ਚਾਹੇ ਹੀ ਕੁਝ ਬਹਾਦਰ ਭਾਰਤੀ ਚੀਨ ਦੇ ਵੁਹਾਨ ਵਿਚ ਹੀ ਰੁੱਕ ਗਏ ਹਨ ਤੇ 76 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਆਪਣੇ ਕੰਮ ‘ਤੇ ਪਰਤ ਗਏ ਪਰ ਦੇਸ਼ ‘ਚ ਕੋਰੋਨਾਵਾਇਰਸ ਦੇ ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਕ ਭਿਆਨਕ ਵਾਇਰਸ ਦੀ ਦੂਜੀ ਲਹਿਰ ਦਾ ਡਰ ਸਤਾ ਰਿਹਾ ਹੈ।
ਕੋਰੋਨਾਵਾਇਰਸ ਮਹਾਮਾਰੀ ਦਾ ਕੇਂਦਰ ਇਹ ਚੀਨੀ ਸ਼ਹਿਰ ਐਤਵਾਰ ਨੂੰ ਕੋਰੋਨਾਵਾਇਰਸ ਦੇ ਆਖਰੀ ਮਰੀਜ਼ ਨੂੰ ਛੁੱਟੀ ਮਿਲਣ ਤੋਂ ਬਾਅਦ ਮੁੜ ਸੁਰਖੀਆਂ ‘ਚ ਆਇਆ ਸੀ। ਇਸ ਸ਼ਹਿਰ ਦੇ ਲਈ ਇਹ ਇਕ ਅਦਿੱਖ ਦੁਸ਼ਮਣ ਦੇ ਖਿਲਾਫ ਉਸ ਦੀ ਲੜਾਈ ਵਿਚ ਇਕ ਮੀਲ ਦਾ ਪੱਥਰ ਸੀ। ਵੈਸੇ ਭਾਰਤ ਤੇ ਕਈ ਹੋਰ ਦੇਸ਼ ਅਜੇ ਵੀ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਤੋਂ ਲੰਘ ਰਹੇ ਹਨ। ਇਸ ਮਹਾਮਾਰੀ ਨੇ ਦੁਨੀਆਂ ‘ਚ ਹੁਣ ਤੱਕ 2.1 ਲੱਖ ਲੋਕਾਂ ਦੀ ਜਾਨ ਲੈ ਲਈ ਹੈ। ਵੁਹਾਨ ਵਿਚ ਇਸ ਮਹਾਮਾਰੀ ਦੀ ਵੱਡੀ ਮਾਰ ਪਈ ਹੈ। ਸ਼ਹਿਰ ‘ਚ ਇਸ ਵਾਇਰਸ ਦੇ 50,333 ਮਾਮਲੇ ਸਾਹਮਣੇ ਆਏ ਤੇ 3,869 ਮਰੀਜ਼ਾਂ ਦੀ ਜਾਨ ਚਲੀ ਗਈ। ਕੋਰੋਨਾਵਾਇਰਸ ਦੇ ਪੈਰ ਪਸਾਰਣ ਤੋਂ ਬਾਅਦ 600 ਤੋਂ ਵਧੇਰੇ ਭਾਰਤੀ ਵਿਦਿਆਰਥੀ ਤੇ ਪੇਸ਼ੇਵਰਾਂ ਨੂੰ ਭਾਰਤ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਪੁਖਤਾ ਕਰਨ ਲਈ ਫਰਵਰੀ ‘ਚ ਉਥੋਂ ਕੱਢਿਆ ਪਰ ਕੁਝ ਭਾਰਤੀ ਉਥੇ ਹੀ ਰੁਕ ਗਏ ਤੇ ਉਨ੍ਹਾਂ ਨੇ ਆਪਣੇ ਪੇਸ਼ੇਵਰ ਤੇ ਨਿੱਜੀ ਕਾਰਣਾਂ ਕਰਕੇ ਇਸ ਸੰਕਟ ਦਾ ਮੁਕਾਬਲਾ ਕਰਨ ਦਾ ਰਸਤਾ ਚੁਣਿਆ। ਜਦੋਂ ਪੀ.ਟੀ.ਆਈ. ਭਾਸ਼ਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਿਚੋਂ ਕੁਝ ਨੇ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ ‘ਤੇ ਵੁਹਾਨ ਦੀ ਵਰਤਮਾਨ ਹਾਲਤ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਇਕ ਭਾਰਤੀ ਖੋਜਕਾਰ ਨੇ ਕਿਹਾ ਕਿ ਹਾਂ ਲਾਕਡਾਊਨ 8 ਅਪ੍ਰੈਲ ਨੂੰ ਹਟਾਇਆ ਗਿਆ ਤੇ ਵਧੇਰੇ ਲੋਕ ਬਾਹਰ ਨਿਕਲੇ ਪਰ ਉਹ ਕੰਮ ‘ਤੇ ਨਿਕਲੇ ਤੇ ਜ਼ਰੂਰੀ ਸਮਾਨ ਖਰੀਦਣ ਲਈ ਨਿਕਲੇ। ਵਧੇਰੇ ਲੋਕ ਬਿਨਾਂ ਲੱਛਣ ਵਾਲੇ ਮਾਮਲਿਆਂ ਦੇ ਡਰ ਨਾਲ ਆਪਣੇ ਘਰਾਂ ਵਿਚ ਰੁਕੇ ਹੋਏ ਹਨ। ਚੀਨ ਵਿਚ ਕੋਵਿਡ-19 ਦੇ ਬਾਰੇ ਵਿਚ ਰੋਜ਼ਾਨਾ ਜਾਣਕਾਰੀਆਂ ਦੇਣ ਵਾਲੇ ਨੈਸ਼ਨਲ ਹੈਲਥ ਕਮਿਸ਼ਨ ਦਾ ਕਹਿਣਾ ਹੈ ਕਿ ਵੁਹਾਨ ਕਾਰਣ ਪਿਛਲੇ ਕਈ ਦਿਨਾਂ ਤੋਂ ਕੋਈ ਨਵਾਂ ਮਾਮਲਾ ਜਾਂ ਮਰੀਜ਼ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਸੋਮਵਾਰ ਨੂੰ ਦੇਸ਼ ਵਿਚ ਬਿਨਾਂ ਲੱਛਣਾਂ ਵਾਲੇ 40 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਤਿੰਨ ਮਰੀਜ਼ ਵਿਦੇਸ਼ ਤੋਂ ਪਰਤੇ ਹਨ।
ਐੱਨ.ਐੱਚ.ਸੀ. ਦਾ ਕਹਿਣਾ ਹੈ ਕਿ ਹੁਣ ਤੱਕ ਬਿਨਾਂ ਲੱਛਣ ਵਾਲੇ 997 ਮਰੀਜ਼ ਅਜੇ ਵੀ ਮੈਡੀਕਲ ਨਿਗਰਾਨੀ ਵਿਚ ਹਨ, ਜਿਨ੍ਹਾਂ ਵਿਚੋਂ 130 ਮਰੀਜ਼ ਵਿਦੇਸ਼ ਤੋਂ ਪਰਤੇ ਹਨ। ਹੁਬਈ ਸੂਬੇ ‘ਚ ਸੋਮਵਾਰ ਤੱਕ 599 ਅਜਿਹੇ ਮਰੀਜ਼ ਮੈਡੀਕਲ ਨਿਰੀਖਣ ਵਿਚ ਸਨ। ਵੁਹਾਨ ਇਸੇ ਸੂਬੇ ਦੀ ਰਾਜਧਾਨੀ ਹੈ। ਵੈਸੇ ਇਸ ਵਾਇਰਸ ਦਾ ਇਨਫੈਕਸ਼ਨ ਘਟਣ ਤੋਂ ਬਾਅਦ ਚੀਨ ਨੇ ਵੁਹਾਨ ਵਿਚ 16 ਅਸਥਾਈ ਹਸਪਤਾਲ ਬੰਦ ਕਰ ਦਿੱਤੇ ਹਨ ਤੇ ਉਥੋਂ ਹੋਰ ਸੂਬਿਆਂ ਦੇ 42,000 ਤੋਂ ਵਧੇਰੇ ਮੈਡੀਕਲ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਪਰ ਬਿਨਾਂ ਲੱਛਣ ਵਾਲੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਕ ਹੋਰ ਭਾਰਤੀ ਨੇ ਕਿਹਾ ਕਿ ਬਿਨਾਂ ਲੱਛਣ ਵਾਲੇ ਮਾਮਲਿਆਂ ਦੇ ਕਾਰਣ ਲੋਕਾਂ ਵਿਚ ਬੇਚੈਨੀ ਤੇ ਡਰ ਹੈ ਕਿਉਂਕਿ ਤੁਸੀਂ ਕੰਮ ਵਾਲੀ ਥਾਂ ਜਾਂ ਸ਼ਹਿਰ ਵਿਚ ਜਿਸ ਨਾਲ ਮਿਲ ਰਹੇ ਹੁੰਦੇ ਹੋ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੁੰਦੀ। ਉਸ ਨੇ ਕਿਹਾ ਕਿ ਸ਼ਹਿਰ ਵਿਚ ਕੋਵਿਡ-19 ਦੀ ਦੂਜੀ ਲਹਿਰ ਆਉਣ ਦਾ ਡਰ ਹੈ, ਇਸੇ ਕਾਰਣ ਵਧੇਰੇ ਲੋਕ ਕੰਮ ਤੋਂ ਬਾਅਦ ਆਪਣੇ ਘਰਾਂ ਵਿਚ ਹੀ ਰਹਿੰਦੇ ਹਨ। ਇਕ ਹੋਰ ਭਾਰਤੀ ਨੇ ਕਿਹਾ ਕਿ ਅਜਿਹਾ ਵੀ ਖਦਸ਼ਾ ਹੈ ਕਿ ਜੋ ਲੋਕ ਸਿਹਤਮੰਦ ਹੋ ਗਏ ਹਨ, ਉਹ ਦੁਬਾਰਾ ਨਾ ਇਸ ਵਾਇਰਸ ਦੀ ਗ੍ਰਿਫਤ ਵਿਚ ਆ ਜਾਣ। ਕੁਝ ਭਾਰਤੀਆਂ ਨੂੰ ਭਾਰਤ ਵਿਚ ਫੈਲ ਰਹੇ ਵਾਇਰਸ ਨੂੰ ਲੈ ਕੇ ਚਿੰਤਾ ਹੈ। ਵੈਸੇ ਇਕ ਭਾਰਤੀ ਖੋਜਕਾਰ ਨੇ ਇਸ ਵਾਇਰਸ ‘ਤੇ ਪੈਦਾ ਹੋਏ ਸਵਾਲ ‘ਤੇ ਕਿਹਾ ਕਿ ਦੁਨੀਆਂ ਨੂੰ ਪਹਿਲਾਂ ਇਸ ਵਾਇਰਸ ‘ਤੇ ਕੰਟਰੋਲ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ, ਫਿਰ ਅਜਿਹੇ ਵਿਸ਼ਿਆਂ ਨੂੰ ਦੇਖਣਾ ਚਾਹੀਦਾ ਹੈ।


Share