ਵਿੱਤ ਮੰਤਰੀ ਅਰੁਣ ਜੇਤਲੀ ਨੇ ਅਮਰੀਕੀ ਵਣਜ ਮੰਤਰੀ ਕੋਲ ਉਠਾਇਆ ਐਚ-1ਬੀ ਵੀਜ਼ੇ ਦਾ ਮਾਮਲਾ

ਵਾਸ਼ਿੰਗਟਨ, 21 ਅਪ੍ਰੈਲ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਐਚ-1ਬੀ ਵੀਜ਼ਾ ਪ੍ਰਬੰਧ ਨੂੰ ਸਖ਼ਤ ਕੀਤੇ ਜਾਣ ਉਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੌਸ ਕੋਲ ਸਖ਼ਤ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਭਾਰਤੀ ਪੇਸ਼ੇਵਰਾਂ ਵੱਲੋਂ ਅਮਰੀਕੀ ਅਰਥਚਾਰੇ ਨੂੰ ਹੁਲਾਰਾ ਦੇਣ ਵਿੱਚ ਨਿਭਾਏ ਜਾ ਰਹੇ ਅਹਿਮ ਕਿਰਦਾਰ ਦਾ ਵੀ ਜ਼ਿਕਰ ਕੀਤਾ ਹੈ।
ਅਮਰੀਕੀ ਸਦਰ ਡੋਨਲਡ ਟਰੰਪ ਨੇ ਬੀਤੇ ਹਫ਼ਤੇ ਇਕ ਪ੍ਰਸ਼ਾਸਕੀ ਹੁਕਮ ਰਾਹੀਂ ਐਚ-1ਬੀ ਵੀਜ਼ਾ ਪ੍ਰਬੰਧ ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ ਤਾਂ ਕਿ ਇਸ ਦੀ ‘ਦੁਰਵਰਤੋਂ’ ਰੋਕੀ ਜਾ ਸਕੇ। ਭਾਰਤੀ ਆਈਟੀ ਸਨਅਤ ਨੇ ਅਮਰੀਕਾ ਦੀ ਇਸ ਕਾਰਵਾਈ ਉਤੇ ਗੰਭੀਰ ਚਿੰਤਾ ਪ੍ਰਗਟਾਈ ਹੈ ਕਿਉਂਕਿ ਭਾਰਤੀ ਆਈਟੀ ਪੇਸ਼ੇਵਰਾਂ ਵੱਲੋਂ ਘੱਟ-ਮਿਆਦ ਦੇ ਕੰਮ ਵਾਸਤੇ ਅਮਰੀਕਾ ਜਾਣ ਲਈ ਇਸ ਵੀਜ਼ੇ ਦੀ ਵਰਤੋਂ ਕੀਤੀ ਜਾਂਦੀ ਹੈ।
ਸ੍ਰੀ ਰੌਸ ਨਾਲ ਮੀਟਿੰਗ ਦੌਰਾਨ ਸ੍ਰੀ ਜੇਤਲੀ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਸਬੰਧੀ ਕੋਈ ਫ਼ੈਸਲਾ ਲੈਂਦਿਆਂ ਅਮਰੀਕੀ ਪ੍ਰਸ਼ਾਸਨ ਵੱਲੋਂ ਮੁਲਕ ਦੇ ਅਰਥਚਾਰੇ ਵਿੱਚ ਹੁਨਰਮੰਦ ਭਾਰਤੀਆਂ ਦੇ ਯੋਗਦਾਨ ਨੂੰ ਚੇਤੇ ਰੱਖਿਆ ਜਾਵੇਗਾ। ਸ੍ਰੀ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੋਵਾਂ ਮੁਲਕਾਂ ਦੀ ਇਹ ਪਹਿਲੀ ਮੰਤਰੀ ਪੱਧਰੀ ਮੀਟਿੰਗ ਸੀ। ਸਮਝਿਆ ਜਾਂਦਾ ਹੈ ਕਿ ਸ੍ਰੀ ਰੌਸ ਨੇ ਇਸ ਮੌਕੇ ਕਿਹਾ ਕਿ ਇਸ ਵੀਜ਼ਾ ਪ੍ਰਬੰਧ ਉਤੇ ਟਰੰਪ ਪ੍ਰਸ਼ਾਸਨ ਵੱਲੋਂ ਗ਼ੌਰ ਕੀਤੀ ਜਾ ਰਹੀ ਹੈ ਪਰ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਦਾ ਟੀਚਾ ਇਕ ਵਾਜਬ ਇਮੀਗਰੇਸ਼ਨ ਨੀਤੀ ਲਾਗੂ ਕਰਨਾ ਹੈ।
-ਪੀਟੀਆਈ
There are no comments at the moment, do you want to add one?
Write a comment