ਵਿਸ਼ਵ ਕੱਪ ਹਾਕੀ ਦੇ ਮੁੱਢਲੇ ਮੈਚ ਸੰਘਰਸ਼ੀ ਤੇ ਰੁਮਾਂਚਕ ਰਹੇ

ਵਿਸ਼ਵ ਕੱਪ ਹਾਕੀ ਮੁਕਾਬਲਾ ਜੋ 28 ਨਵੰਬਰ ਤੋਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਖੇ ਸ਼ੁਰੂ ਹੋਇਆ, ਦੀ ਸਭ ਤੋਂ ਵੱਡੀ ਅਹਿਮੀਅਤ ਇਹ ਰਹੀ ਕਿ ਉਸਦਾ ਉਦਘਾਟਨੀ ਪ੍ਰੋਗਰਾਮ ਬਹੁਤ ਹੀ ਕਾਬਲੇ-ਤਾਰੀਫ਼ ਸੀ। ਇਹ ਪਹਿਲੀ ਵਾਰ ਹੋਇਆ ਜਦੋਂ ਹਾਕੀ ਵਿਸ਼ਵ ਕੱਪ ਵਿਚ ਫ਼ਿਲਮੀ ਸਿਤਾਰਿਆਂ ਨੇ ਆਪੇ ਹੁਨਰ ਦਾ ਮੁਜ਼ਾਹਰਾ ਕੀਤਾ ਅਤੇ ਉਹਨੂੰ ਹਾਕੀ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਦੇਖਿਆ। ਇਸ ਮੌਕੇ ਏ.ਆਰ. ਰਹਿਮਾਨ ਵੱਲੋਂ ਤਿਆਰ ਕੀਤੀ ਕੋਰੀਉਗਰਾਫ਼ੀ ਅਤੇ ਹਾਕੀ ‘ਤੇ ਪੇਸ਼ ਕੀਤੇ ਗੀਤਾਂ ਦਾ ਨਜ਼ਾਰਾ ਤਾਂ ਦੇਖਿਆ ਹੀ ਬਣਦਾ ਸੀ। ਮਾਧੁਰੀ ਦਿਕਸ਼ਿਤ, ਸ਼ਾਹਰੁਖ ਖ਼ਾਨ ਤੇ ਹੋਰ ਫ਼ਿਲਮੀ ਸਿਤਾਰਿਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸੇ ਨਾਲ ਹੀ ਮੈਚਾਂ ਦੀ ਸ਼ੁਰੂਆਤ ਹੋਈ। ਹੁਣ ਤੱਕ ਖੇਡੇ ਗਏ 9 ਮੈਚਾਂ ‘ਚੋਂ ਸਿਰਫ਼ 2 ਮੈਚ ਇੱਕ ਤਰਫ਼ਾ ਹੋਏ। ਜਿਨ੍ਹਾਂ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਅਤੇ ਹਾਲੈਂਡ ਨੇ ਮਲੇਸ਼ੀਆ ਨੂੰ 7-0 ਨਾਲ ਹੋਇਆ। ਜਦਕਿ ਬਾਕੀ ਦੇ ਸਾਰੇ ਮੈਚਾਂ ਵਿਚ ਗੋਲਾਂ ਦਾ ਫ਼ਾਸਲਾ ਸਿਰਫ਼ 1 ਗੋਲ ਤੱਕ ਹੀ ਸੀਮਤ ਰਿਹਾ। ਭਾਵੇਂ ਅਜੇ ਤੱਕ ਕੋਈ ਵੱਡਾ ਉਲਟ ਫੇਰ ਤਾਂ ਨਹੀਂ ਹੋਇਆ ਪਰ ਫਿਰ ਵੀ ਫਰਾਂਸ, ਚੀਨ, ਕੈਨੇਡਾ ਇੱਥੋਂ ਤੱਕ ਕਿ ਪਾਕਿਸਤਾਨ ਵਰਗੀਆਂ ਟੀਮਾਂ ਨੇ ਇਹ ਜ਼ਰੂਰ ਦਰਸਾ ਦਿੱਤਾ ਕਿ ”ਹਮ ਕਿਸੀ ਸੇ ਕਮ ਨਹੀਂ”
ਸਭ ਤੋਂ ਦਿਲਚਸਪ ਮੈਚ ਰਿਹਾ ਚੀਨ ਬਨਾਮ ਇੰਗਲੈਂਡ। ਚੀਨ ਨੇ ਇੰਗਲੈਂਡ ਵਰਗੀ ਦਿੱਗਜ਼ ਟੀਮ ਨੂੰ 2-2 ‘ਤੇ ਰੋਕਿਆ। ਫਰਾਂਸ ਨੇ ਨਿਊਜ਼ੀਲੈਂਡ ਨੂੰ ਚੰਗਾ ਪਾਠ ਪੜਾਇਆ। ਆਇਰਲੈਂਡ ਨੇ ਕੰਗਾਰੂਆਂ ਨੂੰ ਗੋਰਿਆਂ ਦੀ ਹਾਕੀ ਦੇ ਗੁਰ ਸਿਖਾਏ। ਕੈਨੇਡਾ ਨੇ ਬੈਲਜੀਅਮ ਨੂੰ ਚੰਗੀ ਟੱਕਰ ਦਿੱਤੀ। ਕੁੱਲ ਮਿਲਾ ਕੇ ਇਹਨਾਂ ਮੈਚਾਂ ਤੋਂ ਅਗਲੀ ਸੰਭਾਵਨਾ ਇਹੀ ਹੈ ਕਿ ਅਜੇ ਕਈ ਹੋਰ ਧੋਬੀ ਪਟਕੇ ਵੱਜਣਗੇ। ਉਲਟ ਫੇਰ ਹੋਣਗੇ। ਜਿਨ੍ਹਾਂ ਨੂੰ ਮਾੜਾ ਸਮਝਿਆ ਜਾਂਦੈ, ਉਹ ਕਿਸੇ ਨਾ ਕਿਸੇ ਦੀ ਬਲੀ ਜ਼ਰੂਰ ਲੈਣਗੇ। ਜੇਕਰ ਸਾਰੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਹਾਲੈਂਡ ਦੀ ਟੀਮ ਆਪਣੀਆਂ ਆਸਾਂ ‘ਤੇ ਖਰੀ ਉੱਤਰੀ ਹੈ। ਭਾਵੇਂ ਭਾਰਤ ਨੇ ਦੱਖਣੀ ਅਫ਼ਰੀਕਾ ‘ਤੇ ਚੰਗਾ ਮਾਂਜਾ ਲਾਇਆ, ਪਰ ਅਜੇ ਸਮਾਂ ਦੱਸੇਗਾ ਕਿ ਅਗਲੇ ਮੈਚਾਂ ਵਿਚ ਉਸਦੀ ਕਾਰਗੁਜ਼ਾਰੀ ਕੀ ਰਹਿੰਦੀ ਹੈ। ਸਭ ਤੋਂ ਵੱਡੀ ਖ਼ੁਸ਼ਖ਼ਬਰੀ ਇਹ ਹੈ ਕਿ ਹਰ ਮੈਚ ‘ਚ ਹਾਊਸ ਫੁੱਲ ਜਾ ਰਿਹਾ ਹੈ। ਸਾਰੀਆਂ ਟੀਮਾਂ ਦੇ ਪ੍ਰਸੰਸਕ ਵੱਡੀ ਗਿਣਤੀ ਵਿਚ ਆਪੋ ਆਪਣੀਆਂ ਟੀਮਾਂ ਨੂੰ ਹੱਲਾ ਸ਼ੇਰੀ ਦੇ ਰਹੇ ਹਨ। ਭਾਰਤੀ ਹਾਕੀ ਟੀਮ ਲਈ 50 ਤੋਂ 100 ਦੇ ਕਰੀਬ ਪੁੱਜੇ ਚਿੱਟੀਆਂ ਪੱਗਾਂ ਵਾਲੇ ਖੇਡ ਪ੍ਰੇਮੀਆਂ ਦੀ ਦਿੱਖ ਇਕ ਵੱਖਰਾ ਹੀ ਨਜ਼ਾਰਾ ਬੰਨ੍ਹਦੀ ਹੈ, ਜਦਕਿ 1975 ਵਿਸ਼ਵ ਕੱਪ ਜੇਤੂ ਦੇ ਚੈਂਪੀਅਨ ਭਾਰਤੀ ਬਾਬੇ ਹਾਕੀ ਦਾ ਪੂਰੀ ਤਰ੍ਹਾਂ ਨਜ਼ਾਰਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਹਾਕੀ ਇੰਡੀਆ ਨੇ ਬਣਦਾ ਵਧੀਆ ਸਤਿਕਾਰ ਵੀ ਦਿੱਤਾ ਹੈ। ਜੋ ਕਿ ਸਮੇਂ ਸਮੇਂ ਦੇ ਪ੍ਰਬੰਧਕਾਂ ਨੂੰ ਦੇਣਾ ਵੀ ਬਣਦਾ ਹੈ। ਦੂਜਾ ਗੇੜ ਸ਼ੁਰੂ ਹੋ ਚੁੱਕਿਆ ਹੈ। ਕੈਨੇਡਾ ਨੇ ਦੱਖਣੀ ਅਫ਼ਰੀਕਾ ਨੂੰ 1-1 ਦੀ ਬਰਾਬਰੀ ‘ਤੇ ਰੋਕ ਲਿਆ ਹੈ ਅਤੇ ਭਾਰਤ ਦਾ ਬੈਲਜੀਅਮ ਨਾਲ ਮੁਕਾਬਲਾ ਅਜੇ ਹੋਣਾ ਹੈ। ਦੂਸਰੇ ਗੇੜ ਦੀ ਸਮਾਪਤੀ ਤੋਂ ਬਾਅਦ ਕਾਫ਼ੀ ਹੱਦ ਤੱਕ ਇਹ ਤੈਅ ਹੋਵੇਗਾ ਕਿ ਕਿਸ ਟੀਮ ਦੀ ਕਿੰਨੀ ਦਾਅਵੇਦਾਰੀ ਮਜ਼ਬੂਤ ਹੈ। ਕੁੱਲ ਮਿਲਾ ਕੇ ਹਾਕੀ ਦਾ ਜਨੂਨ ਪੂਰੀ ਦੁਨੀਆ ਵਿਚ ਹਾਕੀ ਪ੍ਰੇਮੀਆਂ ਉੱਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਪਹਿਲਾ ਮੌਕਾ ਹੈ ਕਿ ਜਦੋਂ ਵੱਡੇ ਪੱਧਰ ‘ਤੇ ਹਾਕੀ ਪ੍ਰੇਮੀਆਂ ਤੋਂ ਇਲਾਵਾ ਪੂਰੀ ਦੁਨੀਆ ਕਲਾਤਮਕ ਹਾਕੀ ਦਾ ਅਨੰਦ ਮਾਣ ਰਹੀ ਹੈ।॥ ਵਿਸ਼ਵ ਕੱਪ ਹਾਕੀ ਦੇ ਫਾਈਨਲ ‘ਤੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਅਤੇ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਅਤੇ ਹੋਰ ਵੱਡੀਆਂ ਸ਼ਖ਼ਸੀਅਤਾਂ ਨੇ ਪੁੱਜਣ ਦੀ ਆਪਣੀ ਗਵਾਹੀ ਦਿੱਤੀ ਹੈ। ਕੁੱਲ ਮਿਲਾ ਕੇ ਹਾਕੀ ਇੰਡੀਆ ਅਤੇ ਉੜੀਸਾ ਸਰਕਾਰ ਅਤੇ ਖ਼ਾਸ ਕਰ ਕੇ ਉੱਥੋਂ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਧੰਨਵਾਦੀ ਦੇ ਪਾਤਰ ਹਨ ਜਿਨ੍ਹਾਂ ਨੇ ਹਾਕੀ ਦੇ ਇਸ ਮਹਾਂ ਕੁੰਭ ਨੂੰ ਵੱਡੇ ਮੁਕਾਮ ‘ਤੇ ਪਹੁੰਚਾਉਣ ‘ਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਗੁੱਡ ਲੱਕ ਹਾਕੀ ਇੰਡੀਆ।
ਜਗਰੂਪ ਸਿੰਘ ਜਰਖੜ