ਵਿਸ਼ਵ ਕੱਪ 2019 : ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਇੰਗਲੈਂਡ ਚੌਥੀ ਵਾਰ ਫਾਈਨਲ ‘ਚ

ਬਰਮਿੰਘਮ, 11 ਜੁਲਾਈ (ਪੰਜਾਬ ਮੇਲ)-ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਦੀਆਂ 3-3 ਵਿਕਟਾਂ ਤੋਂ ਬਾਅਦ ਓਪਨਰ ਜੈਸਨ ਰਾਏ ਦੇ ਤੂਫਾਨੀ ਅਰਧ ਸੈਂਕੜੇ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਵੀਰਵਾਰ ਨੂੰ 8 ਵਿਕਟਾਂ ਨਾਲ ਹਰਾ ਕੇ 27 ਸਾਲ ਦੇ ਲੰਬੇ ਸਮੇਂ ਬਾਅਦ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਸੈਮੀਫਾਈਨਲ ਵਿਚ ਹਾਰੀ ਹੈ। ਇੰਗਲੈਂਡ ਨੇ ਆਸਟਰੇਲੀਆ ਨੂੰ 49 ਓਵਰਾਂ ਵਿਚ 223 ਦੌੜਾਂ ‘ਤੇ ਸਮੇਟਣ ਤੋਂ ਬਾਅਦ 32.1 ਓਵਰਾਂ ਵਿਚ 2 ਵਿਕਟਾਂ ‘ਤੇ 226 ਦੌੜਾਂ ਬਣਾ ਕੇ ਸ਼ਾਨ ਨਾਲ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਖਿਤਾਬ ਲਈ ਮੁਕਾਬਲਾ 14 ਜੁਲਾਈ ਨੂੰ ਇਤਿਹਾਸਕ ਲਾਰਡਸ ਦੇ ਮੈਦਾਨ ‘ਤੇ ਨਿਊਜ਼ੀਲੈਂਡ ਨਾਲ ਹੋਵੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ਵਿਚ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੇ ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਇਨ੍ਹਾਂ ਦੋਵਾਂ ਟੀਮਾਂ ਨੇ ਅਜੇ ਤਕ ਖਿਤਾਬ ਨਹੀਂ ਜਿੱਤਿਆ ਹੈ ਤੇ ਇਸ ਲਈ 14 ਜੁਲਾਈ ਨੂੰ ਕ੍ਰਿਕਟ ਨੂੰ ਨਵਾਂ ਵਿਸ਼ਵ ਚੈਂਪੀਅਨ ਮਿਲਣਾ ਤੈਅ ਹੈ।
ਮੇਜ਼ਬਾਨ ਇੰਗਲੈਂਡ 1992 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿਚ ਪਹੁੰਚਿਆ ਹੈ ਤੇ ਫਾਈਨਲ ਵਿਚ ਇੰਗਲੈਂਡ ਤੇ ਨਿਊਜ਼ੀਲੈਂਡ ਕੋਲ ਪਹਿਲੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ। ਇਹ ਵਿਸ਼ਵ ਕੱਪ ਦੇ ਇਤਿਹਾਸ ਵਿਚ ਚੌਥਾ ਮੌਕਾ ਹੈ, ਜਦੋਂ ਇੰਗਲੈਂਡ ਟੀਮ ਫਾਈਨਲ ਵਿਚ ਪਹੁੰਚੀ ਹੈ। ਇੰਗਲੈਂਡ ਇਸ ਤੋਂ ਪਹਿਲਾਂ 1979, 1987 ਤੇ 1992 ਵਿਚ ਫਾਈਨਲ ਤਕ ਪਹੁੰਚਿਆ ਪਰ ਵਿਸ਼ਵ ਕੱਪ ਨਹੀਂ ਜਿੱਤ ਸਕਿਆ। ਇੰਗਲੈਂਡ ਨੂੰ ਸਾਲ 2015 ਦੇ ਪਿਛਲੇ ਵਿਸ਼ਵ ਕੱਪ ਸੈਸ਼ਨ ‘ਚ ਪਹਿਲੇ ਹੀ ਰਾਊਂਡ ਵਿਚ ਬਾਹਰ ਹੋਣਾ ਪਿਆ ਸੀ, ਜਿਹੜਾ ਉਸ ਦਾ ਸਭ ਤੋਂ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ।
ਇੰਗਲੈਂਡ ਨੇ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਇਕਪਾਸੜ ਅੰਦਾਜ਼ ਵਿਚ ਹਰਾਇਆ। ਜੈਸਨ ਰਾਏ ਨੇ 65 ਗੇਂਦਾਂ ਵਿਚ 9 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 85 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਜਾਨੀ ਬੇਅਰਸਟੋ ਨੇ 34, ਜੋ ਰੂਟ ਨੇ ਅਜੇਤੂ 49 ਤੇ ਕਪਤਾਨ ਇਯੋਨ ਮੋਰਗਨ ਨੇ ਅਜੇਤੂ 45 ਦੌੜਾਂ ਦੀਆਂ ਪਾਰੀਆਂ ਖੇਡੀਆਂ। ਆਸਟਰੇਲੀਆ ਦੀ ਪਾਰੀ ਵਿਚ 20 ਦੌੜਾਂ ‘ਤੇ 3 ਵਿਕਟਾਂ ਲੈਣ ਵਾਲੇ ਕ੍ਰਿਸ ਵੋਕਸ ਨੂੰ ਮੈਨ ਆਫ ਦਿ ਮੈਚ ਐਵਾਰਡ ਮਿਲਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੇ 7ਵੇਂ ਓਵਰ ਤਕ ਸਿਰਫ 14 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਸਾਬਕਾ ਕਪਤਾਨ ਸਟੀਵ ਸਮਿਥ ਨੇ ਇਸ ਤੋਂ ਬਾਅਦ 119 ਗੇਂਦਾਂ ‘ਤੇ 6 ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਹੀ ਆਸਟਰੇਲੀਆ 200 ਦਾ ਸਕੋਰ ਪਾਰ ਕਰ ਸਕਿਆ। ਸਮਿਥ ਅੱਠਵੇਂ ਬੱਲੇਬਾਜ਼ ਦੇ ਰੂਪ ਵਿਚ ਟੀਮ ਦੇ 217 ਦੇ ਸਕੋਰ ‘ਤੇ ਆਊਟ ਹੋਇਆ ਅਤੇ ਆਸਟਰੇਲੀਆ ਦੀ ਪੂਰੀ ਪਾਰੀ 49 ਓਵਰਾਂ ਵਿਚ 223 ਦੌੜਾਂ ‘ਤੇ ਸਿਮਟ ਗਈ। ਆਸਟਰੇਲੀਆ ਦੇ ਚਾਰ ਬੱਲੇਬਾਜ਼ ਹੀ ਦਹਾਈ ਦੀ ਅੰਕੜੇ ਤਕ ਪਹੁੰਚ ਸਕੇ। ਵਿਕਟਕੀਪਰ ਐਲਕਸ ਕੈਰੀ ਨੇ 70 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 46 ਦੌੜਾਂ, ਆਲਰਾਊਂਡਰ ਗਲੇਨ ਮੈਕਸਵੈੱਲ ਨੇ 23 ਗੇਂਦਾਂ ਵਿਚ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 22 ਦੌੜਾਂ ਅਤੇ ਨੌਵੇਂ ਨੰਬਰ ਦੇ ਬੱਲੇਬਾਜ਼ ਮਿਸ਼ੇਲ ਸਟਾਰਕ ਨੇ 36 ਗੇਂਦਾਂ ਵਿਚ 1 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ।
ਸਮਿਥ ਅਤੇ ਕੈਰੀ ਨੇ ਚੌਥੀ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਕੁੱਝ ਹੱਦ ਤਕ ਸੰਭਾਲਿਆ। ਇਸ ਤੋਂ ਪਹਿਲਾਂ ਕਪਤਾਨ ਆਰੋਨ ਫਿੰਚ ਖਾਤਾ ਖੋਲ੍ਹੇ ਬਿਨਾਂ ਦੂਜੇ ਓਵਰ ਦੀ ਪਹਿਲੀ ਗੇਂਦ ‘ਤੇ ਆਊਟ ਹੋ ਗਿਆ, ਜਦਕਿ ਟੂਰਨਾਮੈਂਟ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲਾ ਓਪਨਰ ਡੇਵਿਡ ਵਾਰਨਰ ਤੀਜੇ ਓਵਰ ਵਿਚ ਚਲਦਾ ਬਣਿਆ। ਵਾਰਨਰ 9 ਦੌੜਾਂ ਹੀ ਬਣਾ ਸਕਿਆ।
ਪੀਟਰ ਹੈਂਡਸਕੌਂਬ ਦੀ ਵਿਕਟ 7ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਡਿੱਗੀ। ਕ੍ਰਿਸ ਵੋਕਸ ਨੇ ਵਾਰਨਰ ਅਤੇ ਹੈਂਡਸਕੌਂਬ ਦੀਆਂ ਵਿਕਟਾਂ ਲਈਆਂ। ਲੈੱਗ ਸਪਿਨਰ ਆਦਿਲ ਰਾਸ਼ਿਦ ਨੇ ਆਸਟਰੇਲੀਆ ਦੇ ਮੱਧਕ੍ਰਮ ਨੂੰ ਢਹਿ-ਢੇਰੀ ਕੀਤਾ। ਰਾਸ਼ਿਦ ਨੇ ਕੈਰੀ, ਮਾਰਕਸ ਸਟੋਇੰਸ ਅਤੇ ਪੈਟ ਕਮਿੰਸ ਨੂੰ ਆਊਟ ਕੀਤਾ। ਵੋਕਸ ਨੇ ਸਟਾਰਕ ਨੂੰ ਆਊਟ ਕਰ ਕੇ ਆਪਣੀ ਤੀਜੀ ਵਿਕਟ ਲਈ। ਸਮਿਥ ਰਨ ਆਊਟ ਹੋਇਆ, ਜਦਕਿ ਜੋਫਰਾ ਆਰਚਰ ਨੇ ਆਸਟਰੇਲੀਆਈ ਕਪਤਾਨ ਆਰੋਨ ਫਿੰਚ ਅਤੇ ਮੈਕਸਵੈੱਲ ਦੀ ਵਿਕਟ ਲਈ। ਮਾਰਕ ਵੁਡ ਨੇ ਜੈਸਨ ਬਹਿਰਨਡ੍ਰੌਫ ਨੂੰ ਆਊਟ ਕਰ ਕੇ ਆਸਟਰੇਲੀਆ ਦੀ ਪਾਰੀ ਸਮੇਟ ਦਿੱਤੀ। ਵੋਕਸ ਨੇ 20 ਦੌੜਾਂ ‘ਤੇ 3 ਵਿਕਟਾਂ, ਰਾਸ਼ਿਦ ਨੇ 54 ਦੌੜਾਂ ‘ਤੇ 3 ਵਿਕਟਾਂ, ਆਰਚਰ ਨੇ 32 ਦੌੜਾਂ ‘ਤੇ 2 ਵਿਕਟਾਂ ਅਤੇ ਵੁਡ ਨੇ 45 ਦੌੜਾਂ ‘ਤੇ ਇਕ ਵਿਕਟ ਲਈ।