ਵਿਸ਼ਵ ਕਬੱਡੀ ਕੱਪ ‘ਤੇ ਨਾਮੀ ਕਬੱਡੀ ਖਿਡਾਰੀਆਂ ਅਤੇ ਖੇਡ ਸ਼ਖਸ਼ੀਅਤਾਂ ਦਾ ਹੋਵੇਗਾ ਸਨਮਾਨ- ਗਾਖਲ

ਯੂਨੀਅਨ ਸਿਟੀ, 24 ਅਗਸਤ (ਐੱਸ. ਅਸ਼ੋਕ ਭੌਰਾ/ਪੰਜਾਬ ਮੇਲ) – ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵਲੋਂ 18 ਸਤੰਬਰ ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ 1800 ਐੱਚ. ਸਟਰੀਟ ਯੂਨੀਅਨ ਸਿਟੀ ਦੀਆਂ ਗਰਾਊਂਡਾਂ ‘ਚ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਵਿਸ਼ਵ ਕਬੱਡੀ ਕੱਪ ਵਿਚ ਇਸ ਵਾਰ ਸਾਬਕਾ ਕਬੱਡੀ ਖਿਡਾਰੀਆਂ ਅਤੇ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਵਾਲੀਆਂ ਲੰਮੇ ਸਮੇਂ ਤੋਂ ਯਤਨਸ਼ੀਲ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਖੇਡ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਸਰਪ੍ਰਸਤ ਸ. ਅਮੋਲਕ ਸਿੰਘ ਗਾਖਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੇ-ਏਰੀਆ ਸਪੋਰਟਸ ਕਲੱਬ ਦੇ ਮੁੱਖ ਕੋਚ ਅਤੇ ਸਾਰੀ ਜ਼ਿੰਦਗੀ ਕਬੱਡੀ ਨੂੰ ਸਮਰਪਿਤ ਕਰਨ ਵਾਲੇ ਰੁੜਕਾ ਕਲਾਂ ਦੇ ਸੰਧੂ ਭਰਾਵਾਂ ਵਿਚੋਂ ਬਲਜੀਤ ਸਿੰਘ ਸੰਧੂ ਨੂੰ ਇਸ ਖੇਡ ਮੇਲੇ ਦੌਰਾਨ ਯੂਨਾਈਟਿਡ ਸਪੋਰਟਸ ਕਲੱਬ ਵਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਜਦੋਂਕਿ ਨਿੱਝਰ ਭਰਾਵਾਂ ਕੁਲਵੰਤ ਸਿੰਘ ਨਿੱਝਰ ਅਤੇ ਸੁਖਵੀਰ ਸਿੰਘ ਨਿੱਝਰ ਵਲੋਂ ਆਪਣੇ ਵੇਲੇ ਦੇ ਚੋਟੀ ਦੇ ਕਬੱਡੀ ਖਿਡਾਰੀ ਰਹਿ ਚੁੱਕੇ ਰਣਜੀਤ ਸਿੰਘ ਰੰਧਾਵਾ ਜਿਸ ਨੂੰ ਰਾਣਾ ਵੰਝ ਦੇ ਨਾਮ ਨਾਲ ਕਬੱਡੀ ਜਗਤ ਜਾਣਦਾ ਹੈ, ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਵੇਂ ਕਬੱਡੀ ਵਿਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ ਵਲੋਂ ਕਬੱਡੀ ਖਿਡਾਰੀ ਦੀਪਾ ਮੁਠੱਡਾ ਅਤੇ ਕਬੱਡੀ ਨੂੰ ਹੱਲਾਸ਼ੇਰੀ ਦੇ ਕੇ ਰੱਖਣ ਵਾਲੇ ਨੱਥਾ ਸਿੰਘ ਗਾਖਲ ਨੂੰ ਗੋਲਡ ਮੈਡਲ ਪ੍ਰਦਾਨ ਕੀਤੇ ਜਾਣਗੇ। ਸ. ਗਾਖਲ ਨੇ ਦੱਸਿਆ ਕਿ ਪਹਿਲੀ ਵਾਰੀ ਹੋਵੇਗਾ ਕਿ ਕਿਸੇ ਵਿਸ਼ਵ ਕਬੱਡੀ ਕੱਪ ਵਿਚ ਜਿੱਥੇ ਦੁਨੀਆਂ ਭਰ ਦੇ ਕਬੱਡੀ ਖਿਡਾਰੀ ਆਪਣੀ ਖੇਡ ਤੇ ਜੁੱਸੇ ਦਾ ਪ੍ਰਦਰਸ਼ਨ ਕਰਨਗੇ, ਉਥੇ ਅਜਿਹੇ ਖਿਡਾਰੀਆਂ ਦਾ ਸਨਮਾਨ ਵੀ ਮਾਂ ਖੇਡ ਕਬੱਡੀ ਨੂੰ ਨਵਾਂ ਹੁਲਾਰਾ ਦੇਵੇਗਾ। ਇਸੇ ਲੜੀ ਵਿਚ ਬੇ ਏਰੀਆ ਸਪੋਰਟਸ ਕਲੱਬ ਵਲੋਂ ਸੰਧੂ ਭਰਾਵਾਂ ਦੀ ਅਗਵਾਈ ਹੇਠ ਕਬੱਡੀ ਦੇ ਨਾਮੀ ਧਾਵੀ ਸੰਦੀਪ ਲੁੱਧੜ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਿਆ ਜਾਵੇਗਾ। ਇੱਥੇ ਯੂਨੀਅਨ ਸਿਟੀ ਦੇ ਰਾਜਾ ਸਵੀਟਸ ਵਿਖੇ ਸ. ਅਮੋਲਕ ਸਿੰਘ ਗਾਖਲ, ਚੇਅਰਮੈਨ ਮੱਖਣ ਸਿੰਘ ਬੈਂਸ ਅਤੇ ਉਪ ਚੇਅਰਮੈਨ ਇਕਬਾਲ ਸਿੰਘ ਗਾਖਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਪ੍ਰਬੰਧਕਾਂ ਨੇ ਸਮੂਹ ਪੰਜਾਬੀਆਂ ਅਤੇ ਕਬੱਡੀ ਖੇਡ ਪ੍ਰੇਮੀਆਂ ਨੂੰ 18 ਸਤੰਬਰ ਦਾ ਇਕ ਦਿਨ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਨਾਂ ਕਰਨ ਦੀ ਅਪੀਲ ਕੀਤੀ ਹੈ। ਸ. ਗਾਖਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਸਾਰੀ ਪ੍ਰਬੰਧਕੀ ਟੀਮ ਇਸ ਵਿਸ਼ਵ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇਕ ਕਰ ਰਹੀ ਹੈ।
There are no comments at the moment, do you want to add one?
Write a comment